ਮੁੜ ਜੁੜਨਗੇ ਜੰਮੂ-ਕਸ਼ਮੀਰ ਅਤੇ ਬਾਲੀਵੁੱਡ ਦੇ ਟੁੱਟੇ ਰਿਸ਼ਤੇ

08/05/2020 9:45:53 AM

ਮੁੰਬਈ/ਸ੍ਰੀਨਗਰ (ਬਿਊਰੋ) : ਕਸ਼ਮੀਰ ਅਤੇ ਬਾਲੀਵੁੱਡ ਦਾ ਨਾਤਾ ਬਹੁਤ ਪੁਰਾਣਾ ਹੈ। ਇਸਲਾਮ ਦੇ ਨਾਂ 'ਤੇ ਮਾਸੂਮਾਂ ਦਾ ਖ਼ੂਨ ਵਹਾਉਣ ਅਤੇ ਕਸ਼ਮੀਰੀਆਂ ਨੂੰ ਆਜ਼ਾਦੀ ਦਾ ਸਬਜ਼ਬਾਗ਼ ਦਿਖਾਉਣ ਵਾਲਿਆਂ ਦੇ ਕਦਮ ਕਸ਼ਮੀਰ 'ਚ ਕੀ ਪਏ, ਇਹ ਰਿਸ਼ਤਾ ਵੀ ਟੁੱਟ ਜਿਹਾ ਗਿਆ ਪਰ ਜਦੋਂ 5 ਅਗਸਤ 2019 ਨੂੰ ਵੱਖਵਾਦੀ ਅਤੇ ਅੱਤਵਾਦੀ ਏਜੰਡੇ ਦੀ ਨਾਕਾਮੀ ਦਾ ਐਲਾਨ ਹੋਇਆ ਤਾਂ ਇਹ ਟੀਸ ਵੀ ਉਭਰ ਕੇ ਸਾਹਮਣੇ ਆ ਗਈ। ਅਜਿਹੇ ਸਮੇਂ ਇਸ ਟੁੱਟੇ ਹੋਏ ਰਿਸ਼ਤੇ ਨੂੰ ਫ਼ਿਰ ਤੋਂ ਜੋੜਨ ਅਤੇ ਮਜ਼ਬੂਤ ਬਣਾਉਣ ਲਈ ਕਦਮ ਅੱਗੇ ਵਧੇ।

ਕਸ਼ਮੀਰ 'ਚ ਪਹਿਲਾ ਮਲਟੀਪਲਕਸ ਛੇਤੀ ਖੁੱਲ੍ਹਣ ਵਾਲਾ ਹੈ। ਬਾਕੀ ਸਿਨੇਮਾਘਰਾਂ 'ਚ ਰੰਗ-ਰੋਗਣ ਹੋ ਰਿਹਾ ਹੈ। ਫ਼ਿਲਮਾਂ ਦੀ ਸ਼ੂਟਿੰਗ ਦੀ ਨਵੀਂ ਲੋਕੇਸ਼ਨ ਦੀ ਚੋਣ ਕੀਤੀ ਜਾ ਰਹੀ ਹੈ। ਕੱਲ੍ਹ ਤੱਕ ਜੋ ਲੋਕ ਵਾਦੀ 'ਚ ਫ਼ਿਲਮ ਨਿਰਮਾਣ ਦੇ ਨਾਂ 'ਤੇ ਕੰਨੀ ਕਤਰਾ ਰਹੇ ਸਨ, ਅੱਜ ਖੁੱਲ੍ਹ ਕੇ ਕਹਿੰਦੇ ਹਨ ਕਿ ਇੱਥੇ ਸ਼ੂਟਿੰਗ ਦਾ ਮਤਲਬ-ਆਮ ਕਸ਼ਮੀਰੀਆਂ ਲਈ ਰੁਜ਼ਗਾਰ ਹੈ। ਫ਼ਿਲਮਾਂ 'ਚ ਕਰੀਅਰ ਬਣਾਉਣ ਦੀ ਇੱਛਾ ਨਾਲ ਮੁੰਬਈ ਜਾਣ ਵਾਲੇ ਕਸ਼ਮੀਰੀਆਂ ਨੂੰ ਘਰ 'ਚ ਮੌਕਾ ਮਿਲੇਗਾ। ਫ਼ਿਲਮ ਉਦਯੋਗ ਨਾਲ ਜੁੜੀਆਂ ਨਾਮੀ ਹਸਤੀਆਂ ਹੁਣ ਕਸ਼ਮੀਰ 'ਚ ਨਿਵੇਸ਼ ਕਰਨਾ ਚਾਹੁੰਦੀਆਂ ਹਨ। ਫ਼ਿਲਮ ਸਿਟੀ ਬਣਾਉਣ ਦੀ ਗੱਲ ਵੀ ਹੋ ਰਹੀ ਹੈ। ਇਹ ਇੱਕ ਸੁਪਨੇ ਵਰਗਾ ਲੱਗਦਾ ਹੈ।

ਵੱਖਵਾਦੀਆਂ ਨੇ ਭੜਕਾਈਆਂ ਧਾਰਮਿਕ ਭਾਵਨਾਵਾਂ
ਵੱਖਵਾਦੀਆਂ ਅਤੇ ਅੱਤਵਾਦੀਆਂ ਨੇ ਆਪਣੇ ਮਨਸੂਬੇ ਪੂਰੇ ਕਰਨ ਲਈ ਸਭ ਤੋਂ ਪਹਿਲੇ ਕਸ਼ਮੀਰੀਆਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਈਆਂ। ਗੀਤ-ਸੰਗੀਤ ਅਤੇ ਫ਼ਿਲਮਾਂ ਨੂੰ ਇਸਲਾਮ ਵਿਰੋਧੀ ਕਰਾਰ ਦਿੰਦੇ ਹੋਏ ਵਾਦੀ 'ਚ ਸਿਨੇਮਾਘਰਾਂ ਨੂੰ ਜਬਰੀ ਬੰਦ ਕਰਵਾਇਆ। ਕਈ ਨੂੰ ਤਾਂ ਅੱਗ ਲਗਾ ਦਿੱਤੀ ਗਈ ਅਤੇ ਕਈ ਨੂੰ ਬੰਬ ਨਾਲ ਉੱਡਾ ਦਿੱਤਾ। ਵਾਦੀ 'ਚ ਦੋ ਦਰਜਨ ਸਿਨੇਮਾ ਘਰ ਸਨ, ਜੋ ਹੋਲੀ-ਹੋਲੀ ਬੰਦ ਹੋ ਗਏ। ਕਈ ਸਿਨੇਮਾਘਰ ਬਾਅਦ 'ਚ ਸ਼ਾਪਿੰਗ ਕੰਪਲੈਕਸ ਬਣ ਗਏ ਅਤੇ ਕੁਝ 'ਚ ਹਸਪਤਾਲ ਖੁੱਲ੍ਹ ਗਏ। ਕੁਝ ਖੰਡਰ ਹੋ ਗਏ ਜਾਂ ਫਿਰ ਸੁਰੱਖਿਆ ਬਲਾਂ ਦੇ ਕੈਂਪ ਬਣ ਗਏ। ਫ਼ਿਲਮਾਂ ਦੀ ਸ਼ੂਟਿੰਗ ਵੀ ਲਗਪਗ ਠੱਪ ਹੋ ਗਈ। ਸਖ਼ਤ ਸੁਰੱਖਿਆ 'ਚ ਕਿਸੇ ਸੁਰੱਖਿਅਤ ਥਾਂ 'ਤੇ ਇਕ-ਦੋ ਸੀਨ ਫ਼ਿਲਮਾ ਕੇ ਡਾਇਰੈਕਟਰ ਮੁੰਬਈ ਪਰਤ ਜਾਂਦੇ। ਨਤੀਜਾ ਇਹ ਹੋਇਆ ਕਿ ਕਸ਼ਮੀਰ ਦੀ ਥਾਂ ਫ਼ਿਲਮਾਂ ਨੂੰ ਯੂਰਪੀ ਦੇਸ਼ ਨਜ਼ਰ ਆਉਣ ਲੱਗੇ। ਇਸ ਦਾ ਨੁਕਸਾਨ ਕਸ਼ਮੀਰ ਦੇ ਸੈਰਸਪਾਟੇ 'ਤੇ ਹੀ ਨਹੀਂ, ਫ਼ਿਲਮ ਉਦਯੋਗ ਨਾਲ ਜੁੜੇ ਸਥਾਨਕ ਲੋਕਾਂ ਨੂੰ ਵੀ ਹੋਇਆ।

ਗੀਤ-ਸੰਗੀਤ, ਫ਼ਿਲਮਾਂ ਦੇ ਸ਼ੌਕੀਨ ਹਨ ਕਸ਼ਮੀਰੀ
ਚਾਰੋਂ ਪਾਸੇ ਹਿੰਸਾ, ਕੁੱਟਮਾਰ ਅਤੇ ਦਬਾਅ ਦਾ ਵਾਤਾਵਰਨ। ਮਨੋਰੰਜਨ ਦਾ ਕੋਈ ਸਾਧਨ ਨਹੀਂ। ਇਸ ਨਾਲ ਕਸ਼ਮੀਰੀਆਂ 'ਚ ਡਿਪਰੈਸ਼ਨ ਵਧਿਆ। ਕਈ ਲੋਕ ਤਰਕ ਦਿੰਦੇ ਹਨ ਕਿ ਕਸ਼ਮੀਰੀ ਲੋਕਾਂ ਨੇ ਇਸਲਾਮ ਦੀਆਂ ਮਾਨਤਾਵਾਂ ਦੇ ਆਧਾਰ 'ਤੇ ਖ਼ੁਦ ਨੂੰ ਸਿਨੇਮਾ ਅਤੇ ਗੀਤ-ਸੰਗੀਤ ਤੋਂ ਦੂਰ ਕੀਤਾ ਪ੍ਰੰਤੂ ਉਨ੍ਹਾਂ ਦਾ ਇਹ ਤਰਕ ਉਸ ਸਮੇਂ ਗ਼ਲਤ ਸਾਬਿਤ ਹੋ ਜਾਂਦਾ ਹੈ ਜਦੋਂ ਲਾਲ ਚੌਕ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ 'ਚ ਸਥਿਤ ਵੀਡੀਓ ਲਾਇਬ੍ਰੇਰੀਆਂ, ਸੀਡੀ/ਡੀਵੀਡੀ ਵੇਚਣ ਵਾਲਿਆਂ ਦੀਆਂ ਦੁਕਾਨਾਂ 'ਤੇ ਸਵੇਰ ਤੋਂ ਸ਼ਾਮ ਤਕ ਇਕੱਠੀ ਹੋਈ ਲੋਕਾਂ ਦੀ ਭੀੜ ਦਾ ਜ਼ਿਕਰ ਹੁੰਦਾ ਹੈ। ਸਥਾਨਕ ਫ਼ਿਲਮ ਨਿਰਮਾਤਾਵਾਂ ਵੱਲੋਂ ਤਿਆਰ ਕਸ਼ਮੀਰੀ ਫ਼ਿਲਮਾਂ ਜੋ ਸਿਰਫ਼ ਸੀਡੀ/ਡੀਵੀਡੀ 'ਤੇ ਹੀ ਉਪਲੱਬਧ ਹੁੰਦੀਆਂ ਹਨ ਅਤੇ ਇਹ ਧੜੱਲੇ ਨਾਲ ਵਿੱਕਦੀਆਂ ਹਨ। ਕਸ਼ਮੀਰ 'ਚ ਮੁੰਡੇ-ਕੁੜੀਆਂ ਦੇ ਕਸ਼ਮੀਰੀ ਭਾਸ਼ਾ 'ਚ ਮਿਊਜ਼ੀਕਲ ਅਤੇ ਵੀਡੀਓ ਐਲਬਮ ਖ਼ੂਬ ਹਨ। ਇਸ ਤੋਂ ਸਮਝ ਆਉਂਦਾ ਹੈ ਕਿ ਕਸ਼ਮੀਰੀ ਆਪਣੀ ਮਰਜ਼ੀ ਨਾਲ ਫ਼ਿਲਮਾਂ ਤੋਂ ਦੂਰ ਨਹੀਂ ਹੋਏ ਹਨ।

ਫ਼ਿਲਮ ਉਦਯੋਗ 'ਤੇ ਜ਼ੋਰ
ਧਾਰਾ 370 ਦੀ ਸਮਾਪਤੀ ਅਤੇ ਜੰਮੂ-ਕਸ਼ਮੀਰ ਪੁਨਰਗਨਠ ਐਕਟ ਲਾਗੂ ਕੀਤੇ ਜਾਣ ਪਿੱਛੋਂ ਜੰਮੂ-ਕਸ਼ਮੀਰ ਦੇ ਆਰਥਿਕ ਵਿਕਾਸ ਦਾ ਜੋ ਰੋਡਮੈਪ ਤਿਆਰ ਕੀਤਾ ਗਿਆ ਉਸ 'ਚ ਫ਼ਿਲਮ ਉਦਯੋਗ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਮੁੰਬਈ ਹੀ ਨਹੀਂ ਦੱਖਣੀ ਭਾਰਤ, ਪੰਜਾਬ ਅਤੇ ਬੰਗਾਲ ਦੀ ਫ਼ਿਲਮ ਉਦਯੋਗ ਨੂੰ ਕਸ਼ਮੀਰ 'ਚ ਸ਼ੂਟਿੰਗ ਲਈ ਪ੍ਰਰੋਤਸਾਹਿਤ ਕੀਤਾ ਜਾ ਰਿਹਾ ਹੈ। ਬਾਲੀਵੁੱਡ ਦੀਆਂ ਕਈ ਨਾਮੀ ਹਸਤੀਆਂ ਬੀਤੇ ਇੱਕ ਸਾਲ 'ਚ ਕਸ਼ਮੀਰ ਦਾ ਦੌਰਾ ਕਰ ਚੁੱਕੀਆਂ ਹਨ ਤੇ ਦਰਜਨ ਭਰ ਫ਼ਿਲਮਾਂ ਦੀ ਇੱਥੇ ਸ਼ੂਟਿੰਗ ਵੀ ਹੋ ਚੁੱਕੀ ਹੈ। ਕਸ਼ਮੀਰ 'ਚ ਫ਼ਿਲਮ ਸਿਟੀ ਦੀ ਸਥਾਪਨਾ ਦਾ ਵੀ ਪ੍ਰਸਤਾਵ ਹੈ।


sunita

Content Editor

Related News