ਬਰਖ਼ਾਸਤ ਕੀਤੇ ਮੰਤਰੀ ਵਿਜੇ ਸਿੰਗਲਾ ਅਜੇ ਵੀ ਪਾਰਟੀ ਦੀਆਂ ਸਰਗਰਮੀਆਂ ’ਚ ਲੈ ਰਹੇ ਹਿੱਸਾ : ਮਨੋਰੰਜਨ ਕਾਲੀਆ
Tuesday, Aug 23, 2022 - 04:11 PM (IST)
ਜਲੰਧਰ (ਗੁਲਸ਼ਨ) : ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਇਕ ਪ੍ਰੈੱਸ ਬਿਆਨ 'ਚ ਕਿਹਾ ਕਿ ਹੁਣ ਬਿੱਲੀ ਥੈਲੇ 'ਚੋਂ ਬਾਹਰ ਆ ਗਈ ਹੈ। ਜਿਥੋਂ ਤੱਕ ‘ਆਪ’ ਸਰਕਾਰ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਦਾ ਸਵਾਲ ਹੈ, ਪੰਜਾਬ ਦੇ ਸਾਬਕਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੇ ਸਿੰਗਲਾ, ਜਿਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭ੍ਰਿਸ਼ਟਾਚਾਰ ਦੇ ਆਧਾਰ ’ਤੇ ਬਰਖ਼ਾਸਤ ਕਰ ਦਿੱਤਾ ਸੀ ਅਤੇ ਉਨ੍ਹਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਤੇ 8 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਨੂੰ ਸਮਾਜਿਕ ਰੂਪ 'ਚ ਪੰਜਾਬ ਦੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨਾਲ ਪਿੰਡ ਮੱਟੀ ਜ਼ਿਲ੍ਹਾ ਮਾਨਸਾ 'ਚ ਇਕ ਸਮਾਗਮ ਦੀਆਂ ਤਸਵੀਰਾਂ ਵਿਚ ਇਕੱਠੇ ਵੇਖਿਆ ਗਿਆ।
ਕਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਦਾ ਦੋਸ਼ ਲਾਏ ਜਾਣ ਤੋਂ ਬਾਅਦ ਡਾ. ਵਿਜੇ ਸਿੰਗਲਾ ਨੂੰ ਆਮ ਆਦਮੀ ਪਾਰਟੀ 'ਚੋਂ ਕੱਢ ਦਿੱਤਾ ਜਾਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਜ਼ਮਾਨਤ ’ਤੇ ਰਿਹਾਅ ਹੋਣ ਤੋਂ ਬਾਅਦ ਉਹ ਸਰਕਾਰ ਅਤੇ ਪਾਰਟੀ ਦੇ ਕੰਮਾਂ 'ਚ ਖੁੱਲ੍ਹੇ ਤੌਰ ’ਤੇ ਹਿੱਸਾ ਲੈ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਕੱਟੜ ਈਮਾਨਦਾਰ ਹੋਣ ਦੇ ਦਾਅਵੇ ਨੂੰ ਬੇਨਕਾਬ ਕਰਨ ਲਈ ਇਹ ਫੋਟੋ ਕਾਫ਼ੀ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਪੰਜਾਬ 'ਚ ਦੋਹਰਾਪਨ ‘ਆਪ’ ਦੇ ਅਸਲੀ ਚਰਿੱਤਰ ਨੂੰ ਦੇਖਣ ਲਈ ਕਾਫ਼ੀ ਹੈ। ਜਦੋਂ ਸੀ. ਬੀ. ਆਈ. ਨੇ ਮਨੀਸ਼ ਸਿਸੋਦੀਆ ਅਤੇ ਹੋਰਨਾਂ ’ਤੇ ਦਿੱਲੀ ਆਬਕਾਰੀ ਨੀਤੀ ਤਹਿਤ ਮਾਮਲਾ ਦਰਜ ਕੀਤਾ ਹੈ, ਜਿਹੜਾ ਕਿ ਭ੍ਰਿਸ਼ਟਾਚਾਰ ਦੇ ਬੂਹੇ ਖੋਲ੍ਹਦੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਸਹਿਯੋਗੀ ਝੂਠੇ ਪ੍ਰਚਾਰ ਜ਼ਰੀਏ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪੰਜਾਬ 'ਚ ਉਨ੍ਹਾਂ ਦਾ ਅਸਲੀ ਚਿਹਰਾ ਪਹਿਲਾਂ ਹੀ ਬੇਨਕਾਬ ਹੋ ਚੁੱਕਾ ਹੈ।
ਕਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੇ ਸਿੰਗਲਾ ’ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਪਰ ਸਿੰਗਲਾ ਕਹਿ ਰਹੇ ਹਨ ਕਿ ਉਕਤ ਦੋਸ਼ ਬੇਬੁਨਿਆਦ ਹਨ ਅਤੇ ਉਹ ਪੂਰੀ ਤਰ੍ਹਾਂ ਨਾਲ ਈਮਾਨਦਾਰ ਹਨ। ਆਖਿਰ ਸੱਚ ਕੀ ਹੈ? ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ਼ ਸੀ. ਬੀ. ਆਈ. ਵੱਲੋਂ ਮਾਮਲਾ ਦਰਜ ਕਰਨ ਵਿਰੁੱਧ ਆਵਾਜ਼ ਉਠਾਉਣਾ ਆਮ ਆਦਮੀ ਪਾਰਟੀ ਦੀ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦੀ ਇਕ ਹੋਰ ਕੋਸ਼ਿਸ਼ ਹੈ।