ਨਿਗਮਾਂ ਦੀ ਲਾਇਸੈਂਸ ਬਰਾਂਚ ’ਤੇ ਸਖ਼ਤੀ,ਧੜਾਧੜ ਰਸੀਦਾਂ ਕਟਵਾਉਣ ਲੱਗੇ ਵਪਾਰੀ ਤੇ ਕਾਰੋਬਾਰੀ
Tuesday, Mar 21, 2023 - 12:20 PM (IST)
ਜਲੰਧਰ (ਖੁਰਾਣਾ) : ਨਗਰ ਨਿਗਮ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਪਿਛਲੇ ਦਿਨੀਂ ਨਗਰ ਨਿਗਮ ਦੀ ਲਾਇਸੈਂਸ ਬ੍ਰਾਂਚ ’ਤੇ ਸ਼ਿਕੰਜਾ ਕੱਸਦਿਆਂ ਸੁਪਰਿੰਟੈਂਡੈਂਟ ਨੀਰਜ ਸ਼ਰਮਾ ਨੂੰ ਬਦਲ ਕੇ ਉਨ੍ਹਾਂ ਦੀ ਥਾਂ ’ਤੇ ਸੈਕਟਰੀ ਅਜੈ ਕੁਮਾਰ ਅਤੇ ਸੁਪਰਿੰਟੈਂਡੈਂਟ ਹਰਪ੍ਰੀਤ ਸਿੰਘ ਵਾਲੀਆ ਨੂੰ ਲਾਇਸੈਂਸ ਬਰਾਂਚ ਦਾ ਕਾਰਜਭਾਰ ਸੌਂਪ ਦਿੱਤਾ ਹੈ। ਨਵੇਂ ਅਧਿਕਾਰੀਆਂ ਵੱਲੋਂ ਕੀਤੀ ਗਈ ਸਖ਼ਤੀ ਦਾ ਅਸਰ ਹੁਣ ਲਾਇਸੈਂਸ ਬਰਾਂਚ ’ਤੇ ਨਜ਼ਰ ਆਉਣ ਲੱਗਾ ਹੈ, ਜਿਸ ਕਾਰਨ ਜਿਥੇ 90 ਲੱਖ ਰੁਪਏ ਦਾ ਬਜਟ ਟੀਚਾ ਪੂਰਾ ਕੀਤਾ ਜਾ ਚੁੱਕਾ ਹੈ, ਉਥੇ ਹੀ ਹੁਣ ਭਾਰੀ ਗਿਣਤੀ ਵਿਚ ਕਾਰੋਬਾਰੀ ਅਤੇ ਵਪਾਰੀ ਲਾਇਸੈਂਸ ਦੀਆਂ ਰਸੀਦਾਂ ਕਟਵਾਉਣ ਲਈ ਅੱਗੇ ਆ ਰਹੇ ਹਨ। ਜ਼ਿਕਰਯੋਗ ਹੈ ਕਿ 31 ਮਾਰਚ ਤੱਕ ਇਹ ਲਾਇਸੈਂਸ ਫ਼ੀਸ ਬਿਨਾਂ ਕਿਸੇ ਜੁਰਮਾਨੇ ਦੇ ਲਈ ਜਾਵੇਗੀ ਪਰ ਉਸ ਤੋਂ ਬਾਅਦ ਰਸੀਦ ਕਟਵਾਉਣ ’ਤੇ ਜੁਰਮਾਨਾ ਵੀ ਨਾਲ ਦੇਣਾ ਹੋਵੇਗਾ।
ਇਹ ਵੀ ਪੜ੍ਹੋ : ਅਜਨਾਲਾ ਕਾਂਡ ਦੇ ਅਗਲੇ ਦਿਨ ਹੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਦਰਜ ਹੋਈ ਸੀ ਐੱਫ. ਆਈ. ਆਰ.
ਮੌਜੂਦਾ ਸਟਾਫ਼ ਦੀ ਨਾਲਾਇਕੀ ਸਾਹਮਣੇ ਆਉਣ ਲੱਗੀ
ਲਾਇਸੈਂਸ ਬਰਾਂਚ ਦੇ ਕੰਮ ਨੂੰ ਜਦੋਂ ਨਵੇਂ ਅਧਿਕਾਰੀਆਂ ਨੇ ਰੀਵਿਊ ਕਰਨਾ ਸ਼ੁਰੂ ਕੀਤਾ ਤਾਂ ਪਿਛਲੇ ਸਮੇਂ ਦੌਰਾਨ ਰਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭਾਰੀ ਨਾਲਾਇਕੀ ਸਾਹਮਣੇ ਆਉਣ ਲੱਗੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਤੱਕ ਸਿਰਫ਼ 7200 ਵਪਾਰੀਆਂ ਨੇ ਹੀ ਨਿਗਮ ਤੋਂ ਲਾਇਸੈਂਸ ਪ੍ਰਾਪਤ ਕੀਤਾ ਸੀ, ਜਦੋਂ ਕਿ ਜਲੰਧਰ ਵਰਗੇ ਸ਼ਹਿਰ ਵਿਚ ਲਗਭਗ ਇਕ ਲੱਖ ਲੋਕ ਕਾਰੋਬਾਰ ਅਤੇ ਵਪਾਰ ਕਰਦੇ ਹਨ। ਭਾਵੇਂ ਨਿਗਮ ਦੀ ਲਾਇਸੈਂਸ ਫ਼ੀਸ ਬਹੁਤ ਹੀ ਮਾਮੂਲੀ ਹੈ ਪਰ ਫਿਰ ਵੀ ਨਿਗਮ ਦੀ ਸਖ਼ਤੀ ਨਾ ਹੋਣ ਕਰ ਕੇ ਕਾਰੋਬਾਰੀ ਇਹ ਟੈਕਸ ਵੀ ਬਚਾ ਰਹੇ ਸਨ। ਹੁਣ ਦੇਖਣਾ ਹੈ ਕਿ ਨਿਗਮ ਦੀ ਲਾਇਸੈਂਸ ਬਰਾਂਚ ਵਿਚ ਲਾਈ ਨਵੀਂ ਟੀਮ ਕਿੰਨੇ ਕਾਰੋਬਾਰੀਆਂ ਤੋਂ ਲਾਇਸੈਂਸ ਫ਼ੀਸ ਜਮ੍ਹਾ ਕਰਵਾ ਪਾਉਣ ਵਿਚ ਕਾਮਯਾਬ ਹੁੰਦੀ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕਰਨ ਜਾ ਰਹੀ ਹੈ ਮਾਨ ਸਰਕਾਰ