ਬੇਨਾਮੀ ਪ੍ਰਾਪਰਟੀ ’ਚ ਇਨਵੈਸਟ ਹੋ ਰਿਹੈ ਭ੍ਰਿਸ਼ਟ ਅਫ਼ਸਰਾਂ ਦਾ ਪੈਸਾ

Tuesday, Aug 30, 2022 - 03:25 PM (IST)

ਜਲੰਧਰ (ਖੁਰਾਣਾ) : ਪਿਛਲੇ 5 ਸਾਲ ਪੰਜਾਬ ਦੀ ਸੱਤਾ ’ਤੇ ਕਾਬਜ਼ ਰਹੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਵੱਖ-ਵੱਖ ਵਿਭਾਗਾਂ 'ਚ ਖੁੱਲ੍ਹ ਕੇ ਲੁੱਟ ਮਚੀ ਰਹੀ, ਜਿਸ ਕਾਰਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਂਗਰਸੀ ਆਗੂਆਂ ’ਤੇ ਸ਼ਿਕੰਜਾ ਕੱਸਿਆ ਹੋਇਆ ਹੈ।ਧਰਮਸੌਤ ਅਤੇ ਆਸ਼ੂ ਵਰਗੇ ਕਈ ਆਗੂ ਜੇਲ੍ਹ ਦੀਆਂ ਸੀਖਾਂ ਦੇ ਪਿੱਛੇ ਪਹੁੰਚ ਗਏ ਹਨ। ਆਉਣ ਵਾਲੇ ਦਿਨਾਂ 'ਚ ਕਈ ਹੋਰ ਕਾਂਗਰਸੀ ਆਗੂਆਂ ਦੀ ਵਾਰੀ ਤਾਂ ਆਉਣ ਹੀ ਵਾਲੀ ਹੈ ਪਰ ਹੁਣ ਪੰਜਾਬ ਸਰਕਾਰ ਦੀ ਤਿੱਖੀ ਨਜ਼ਰ ਉਨ੍ਹਾਂ ਭ੍ਰਿਸ਼ਟ ਅਫ਼ਸਰਾਂ ’ਤੇ ਵੀ ਹੈ, ਜਿਨ੍ਹਾਂ ਨੇ ਕਾਂਗਰਸੀ ਰਾਜ ਦੌਰਾਨ ਨਾ ਸਿਰਫ਼ ਖੁੱਲ੍ਹ ਕੇ ਲੁੱਟ ਮਚਾਈ, ਸਗੋਂ ਆਪਣੇ ਪੈਸੇ ਬੜੀ ਸਫ਼ਾਈ ਨਾਲ ਬੇਨਾਮੀ ਪ੍ਰਾਪਰਟੀ 'ਚ ਵੀ ਇਨਵੈਸਟ ਕਰ ਦਿੱਤੇ।

ਇਹ ਵੀ ਪੜ੍ਹੋ : ਦਫ਼ਤਰਾਂ ’ਚ ਤਾਇਨਾਤ ਟੈਕਨੀਕਲ ਸਟਾਫ : ਡਾਇਰੈਕਟਰ ਡਿਸਟਰੀਬਿਊਸ਼ਨ ਦੇ ਹੁਕਮਾਂ ਦੀਆਂ ਉੱਡ ਰਹੀਆਂ ਧੱਜੀਆਂ

ਜਲੰਧਰ ਦੀ ਗੱਲ ਕਰੀਏ ਤਾਂ ਇਥੇ ਵੀ ਪਿਛਲੇ 2-3 ਸਾਲਾਂ ਦੌਰਾਨ ਪ੍ਰਾਪਰਟੀ ਦੀਆਂ ਕੀਮਤਾਂ 'ਚ ਅਚਾਨਕ ਤੇਜ਼ੀ ਆਈ। ਉਂਝ ਤਾਂ ਸ਼ਹਿਰ ਦੇ ਕਈ ਪ੍ਰਾਪਰਟੀ ਕਾਰੋਬਾਰੀ ਅਜਿਹੇ ਹਨ, ਜਿਹੜੇ ਉੱਚ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਲਈ ਪ੍ਰਾਪਰਟੀ ਦੇਖਣ, ਖਰੀਦਣ ਅਤੇ ਵੇਚਣ ਆਦਿ ਦਾ ਪ੍ਰਬੰਧ ਤਾਂ ਕਰਦੇ ਹੀ ਹਨ ਪਰ ਨਾਲ ਹੀ ਨਾਲ ਇੰਨੇ ਵਿਸ਼ਵਾਸਪਾਤਰ ਵੀ ਹਨ ਕਿ ਬੇਨਾਮੀ ਪ੍ਰਾਪਰਟੀ ਵਿਚ ਵੀ ਉਨ੍ਹਾਂ ਦੇ ਹਿੱਸੇਦਾਰ ਹੁੰਦੇ ਹਨ। ਅਜਿਹੇ ਹੀ ਇਕ ਪ੍ਰਾਪਰਟੀ ਕਾਰੋਬਾਰੀਆਂ ਦੇ ਗਰੁੱਪ ਦਾ ਮੁਖੀ ਸਥਾਨਕ ਨਰਿੰਦਰ ਸਿਨੇਮਾ ਦੇ ਨੇੜੇ ਟੂਰਿਜ਼ਮ ਦਾ ਕਾਰੋਬਾਰ ਕਰ ਰਿਹਾ ਹੈ, ਜਿਸ ਨੇ ਪਿਛਲੇ ਸਮੇਂ ਦੌਰਾਨ ਸ਼ਹਿਰ ਵਿਚ ਕਈ ਬੇਨਾਮੀ ਪ੍ਰਾਪਰਟੀਆਂ ਆਪਣੇ ਜਾਂ ਹੋਰ ਲੋਕਾਂ ਦੇ ਨਾਂ ’ਤੇ ਖਰੀਦ ਲਈਆਂ। ਹੁਣ ਅਜਿਹੀਆਂ ਕਈ ਪ੍ਰਾਪਰਟੀਆਂ ਵਿਜੀਲੈਂਸ ਦੇ ਰਡਾਰ ’ਤੇ ਵੀ ਆ ਗਈਆਂ ਹਨ, ਜਿਸ ਕਾਰਨ ਇਸ ਕਾਰੋਬਾਰੀ ਗਰੁੱਪ 'ਚ ਹੜਕੰਪ ਮਚਿਆ ਹੋਇਆ ਹੈ।

ਇਹ ਵੀ ਪੜ੍ਹੋ : ਚੋਰਾਂ ਨੇ ਬੋਲਿਆ NRI ਦੇ ਬੰਦ ਪਏ ਘਰ 'ਤੇ ਧਾਵਾ, ਮਹਿੰਗੀ ਵਿਦੇਸ਼ੀ ਸ਼ਰਾਬ ਸਣੇ ਹੋਰ ਵੀ ਸਾਮਾਨ ਚੋਰੀ

ਸੂਤਰਾਂ ਦੀ ਮੰਨੀਏ ਤਾਂ ਇਕ ਪੈਟਰੋਲ ਪੰਪ ਅਤੇ ਨਵੇਂ ਨਿਕਲੇ ਹਾਈਵੇ ਦੇ ਕੰਢੇ ਜ਼ਮੀਨ ਦੀ ਵੱਡੀ ਖਰੀਦੋ-ਫਰੋਖਤ ਕਰਨ ਤੋਂ ਇਲਾਵਾ ਇਸ ਗਰੁੱਪ ਨੇ ਕੈਂਟ ਦੇ ਦੀਪ ਨਗਰ ਇਲਾਕੇ ਵਿਚ, ਜਲੰਧਰ-ਨਕੋਦਰ ਰੋਡ ’ਤੇ, ਜੁਡੀਸ਼ੀਅਲ ਕੰਪਲੈਕਸ ਅਤੇ ਕੇਸਰ ਪੈਟਰੋਲ ਪੰਪ ਦੇ ਨੇੜੇ, ਪੀ. ਪੀ. ਆਰ. ਮਾਰਕੀਟ ਨੇੜੇ ਅਤੇ ਪਿੰਡ ਸੁਭਾਨਾ ਨੂੰ ਜਾਂਦੀ ਸੜਕ ਕੰਢੇ ਪ੍ਰਾਪਰਟੀ ਦੀ ਕਾਫੀ ਖਰੀਦ ਕੀਤੀ ਹੈ ਕਿਉਂਕਿ ਇਥੇ ਜ਼ਮੀਨ ਦੇ ਕੁਲੈਕਟਰ ਰੇਟ ਅਤੇ ਮਾਰਕੀਟ ਵੈਲਿਊ ਵਿਚ ਕਾਫੀ ਫਰਕ ਹੈ। ਇਸੇ ਲਿਸਟ ਵਿਚ 66 ਫੁੱਟੀ ਰੋਡ ’ਤੇ ਲਏ ਗਏ ਫਲੈਟਸ ਅਤੇ ਵਿਲਾ ਵੀ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਅਜਿਹੀਆਂ ਬੇਨਾਮੀ ਪ੍ਰਾਪਰਟੀਆਂ ਬਾਰੇ ਗਰੁੱਪ ਵਿਚ ਹੀ ਸ਼ੁਰੂ ਹੋਈ ਘੁਸਰ-ਮੁਸਰ ਹੁਣ ਸ਼ਿਕਾਇਤਾਂ ਦੇ ਰੂਪ ਵਿਚ ਪੰਜਾਬ ਸਰਕਾਰ ਤੱਕ ਵੀ ਪਹੁੰਚ ਰਹੀ ਹੈ। ਆਉਣ ਵਾਲੇ ਸਮੇਂ ਦੌਰਾਨ ਭ੍ਰਿਸ਼ਟਾਚਾਰ ਦੀ ਜਾਂਚ ਦਾ ਸਾਹਮਣਾ ਕਰ ਰਹੇ ਅਫਸਰਾਂ ਨੂੰ ਲੈ ਕੇ ਕਈ ਹੋਰ ਖੁਲਾਸੇ ਵੀ ਹੋ ਸਕਦੇ ਹਨ।


Anuradha

Content Editor

Related News