ਯੂ-ਟਿਊਬ ਤੋਂ ਸਿੱਖਿਆ ਤਰੀਕਾ, ਮੂੰਹ-ਬੋਲੀਆਂ ਭੈਣਾਂ ਸਮੇਤ ਚਿੱਟਾ ਪੀਣ ਲਈ ਚੋਰੀਆਂ ਕਰਦਾ ਸੀ ਮਾਸਟਰਮਾਈਂਡ

04/19/2022 2:27:16 PM

ਜਲੰਧਰ (ਮ੍ਰਿਦੁਲ): ਯੂ-ਟਿਊਬ ਤੋਂ ਚੋਰੀ ਕਰਨਾ ਸਿੱਖ ਕੇ ਹੈਰੋਇਨ ਪੀਣ ਦੇ ਆਦੀ ਨੌਜਵਾਨ ਨੇ ਮੂੰਹ-ਬੋਲੀਆਂ ਭੈਣਾਂ ਨਾਲ ਮਿਲ ਕੇ ਗਿਰੋਹ ਬਣਾ ਲਿਆ ਅਤੇ ਸ਼ਹਿਰ ਵਿਚ ਲੱਗੇ ਏ. ਟੀ. ਐੱਮਜ਼ ਵਿਚੋਂ ਬੈਟਰੀਆਂ ਤੇ ਡੀ. ਵੀ. ਆਰ. ਚੋਰੀ ਕਰਨੇ ਸ਼ੁਰੂ ਕਰ ਦਿੱਤੇ। ਫੜੇ ਜਾਣ ’ਤੇ ਖ਼ੁਲਾਸਾ ਹੋਇਆ ਕਿ ਮੂੰਹ-ਬੋਲੀਆਂ ਭੈਣਾਂ ਵੀ ਚਿੱਟਾ ਪੀਣ ਦੀਆਂ ਆਦੀ ਹਨ।

ਏ. ਡੀ. ਸੀ. ਪੀ.-2 ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਏ. ਸੀ. ਪੀ. ਵਰਿਆਮ ਸਿੰਘ ਦੀ ਸੁਪਰਵਿਜ਼ਨ ਵਿਚ ਐੱਸ. ਐੱਚ. ਓ. ਬਸਤੀ ਬਾਵਾ ਖੇਲ ਪਰਮਿੰਦਰ ਸਿੰਘ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਸ ਗੈਂਗ ਨੂੰ ਬ੍ਰੇਕ ਕਰਦਿਆਂ 2 ਡੀ. ਵੀ. ਆਰ., ਲੋਹੇ ਦੀ ਰਾਡ, 15 ਬੈਟਰੀਆਂ, ਪਲਾਸ ਅਤੇ ਹੋਰ ਔਜ਼ਾਰ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਸੁਰਾਜਗੰਜ ਨਿਵਾਸੀ ਬੌਬੀ ਉਰਫ ਲਵਲੀ (ਮਾਸਟਰਮਾਈਂਡ), ਰਾਮ ਵਾਲੀ ਗਲੀ ਦਾ ਰਹਿਣ ਵਾਲਾ ਇੰਦਰਜੀਤ ਿਸੰਘ, ਉਸਦਾ ਪਿਤਾ ਲੇਖਰਾਜ, ਪੰਜਪੀਰ ਚੌਕ ਦਾ ਆਕਾਸ਼ ਸ਼ਰਮਾ, ਰਾਜ ਨਗਰ ਨਿਵਾਸੀ ਪ੍ਰੀਤ ਅਤੇ ਮੁਹੱਲਾ ਸੁਰਾਜਗੰਜ ਦੀ ਪੂਜਾ ਉਰਫ ਮੁੰਨਾ ਵਜੋਂ ਹੋਈ ਹੈ।

ਪੁਲਸ ਦੀ ਜਾਂਚ ਵਿਚ ਮਾਸਟਰਮਾਈਂਡ ਬੌਬੀ ਨੇ ਮੰਨਿਆ ਕਿ ਦੋਵੇਂ ਔਰਤਾਂ ਉਸ ਦੀਆਂ ਮੂੰਹ-ਬੋਲੀਆਂ ਭੈਣਾਂ ਹਨ ਅਤੇ ਉਸ ਨੇ ਚੋਰੀ ਕਰਨਾ ਯੂ-ਟਿਊਬ ਤੋਂ ਸਿੱਖਿਆ ਹੈ। ਉਸਦਾ ਇਕ ਦੋਸਤ ਜਿਹੜਾ ਏ. ਟੀ. ਐੱਮ. ਵਿਚ ਸਕਿਓਰਿਟੀ ਗਾਰਡ ਸੀ, ਉਸ ਜ਼ਰੀਏ ਉਹ ਬੈਟਰੀਆਂ ਤੇ ਡੀ. ਵੀ. ਆਰ. ਚੋਰੀ ਕਰ ਕੇ ਵੇਚਣ ਤੋਂ ਬਾਅਦ ਉਨ੍ਹਾਂ ਪੈਸਿਆਂ ਦਾ ਨਸ਼ਾ ਖ਼ਰੀਦਦੇ ਸਨ। ਜਾਂਚ ਿਵਚ ਇਹ ਗੱਲ ਸਾਹਮਣੇ ਆਈ ਕਿ ਬੌਬੀ 10 ਸਾਲਾਂ ਤੋਂ ਹੈਰੋਇਨ ਪੀ ਰਿਹਾ ਹੈ ਅਤੇ ਉਸ ਦੀਆਂ ਦੋਵੇਂ ਮੂੰਹ-ਬੋਲੀਆਂ ਭੈਣਾਂ ਪ੍ਰੀਤ ਅਤੇ ਪੂਜਾ ਵੀ ਚਿੱਟਾ ਪੀਣ ਦੀਆਂ ਆਦੀ ਹਨ।


Harnek Seechewal

Content Editor

Related News