ਜਲੰਧਰ ਕੁੱਟਮਾਰ ਮਾਮਲੇ ਦੀ ਤਫਤੀਸ਼ ਮਗਰੋਂ ਪੁਲਸ ਨੇ ਹਟਾਈ ਧਾਰਾ 299 BNS
Thursday, May 21, 2026 - 09:20 PM (IST)
ਜਲੰਧਰ (ਰਾਮਾ ਮੰਡੀ) : ਜਲੰਧਰ ਦੇ ਰਾਮਾ ਮੰਡੀ ਪੁਲਸ ਸਟੇਸ਼ਨ ਅਧੀਨ ਆਉਂਦੀ ਚੌਕੀ ਦਕੋਹਾ ਦੀ ਪੁਲਸ ਵੱਲੋਂ ਇੱਕ ਮਾਰ-ਕੁੱਟ ਦੇ ਮਾਮਲੇ ਵਿੱਚ ਦਰਜ ਧਾਰਮਿਕ ਬੇਅਦਬੀ ਦੀ ਧਾਰਾ ਨੂੰ ਹਟਾ ਦਿੱਤਾ ਗਿਆ ਹੈ। ਪੁਲਸ ਜਾਂਚ 'ਚ ਪਾਇਆ ਗਿਆ ਕਿ ਘਟਨਾ ਦੌਰਾਨ ਸਿੱਖੀ ਦੀ ਬੇਅਦਬੀ ਹੋਣ ਦੇ ਕੋਈ ਪੁਖਤਾ ਸਬੂਤ ਨਹੀਂ ਮਿਲੇ ਹਨ।
ਕੀ ਹੈ ਪੂਰਾ ਮਾਮਲਾ?
ਜਾਣਕਾਰੀ ਅਨੁਸਾਰ, 13 ਫਰਵਰੀ 2026 ਨੂੰ ਪਰਮਜੀਤ ਸਿੰਘ (ਪੁੱਤਰ ਜੋਗਿੰਦਰ ਸਿੰਘ, ਵਾਸੀ ਬਦਰੀ ਦਾਸ ਕਲੋਨੀ) ਦੀ ਸ਼ਿਕਾਇਤ 'ਤੇ ਗੁਲਸ਼ਨ ਦੂਆ, ਯਸ਼ਪਾਲ ਦੂਆ, ਉਮੇਸ਼ ਦੂਆ, ਸਿਵੀ ਦੂਆ ਅਤੇ ਕੁਝ ਹੋਰਾਂ ਖਿਲਾਫ ਮੁਕੱਦਮਾ ਨੰਬਰ 25 ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਉਕਤ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਪਗੜੀ ਉਤਾਰ ਕੇ ਸਿੱਖੀ ਕਰਾਰਾਂ ਦੀ ਬੇਅਦਬੀ ਕੀਤੀ ਸੀ। ਇਸ ਸਬੰਧੀ ਪੁਲਸ ਨੇ ਬੀ.ਐੱਨ.ਐੱਸ. (BNS) ਦੀ ਧਾਰਾ 299 ਸਮੇਤ ਹੋਰ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸ ਦੀ ਪੜਤਾਲ ਵਧੀਕ ਡਿਪਟੀ ਕਮਿਸ਼ਨਰ ਪੁਲਸ (ਇੰਡਸਟਰੀਅਲ ਸਕਿਉਰਟੀ) ਨਵਜੋਤ ਸਿੰਘ ਸੰਧੂ (PPS) ਵੱਲੋਂ ਕੀਤੀ ਗਈ। ਰਿਪੋਰਟ ਅਨੁਸਾਰ, ਸ਼ਿਕਾਇਤਕਰਤਾ ਵੱਲੋਂ ਪਗੜੀ ਉਤਾਰਨ ਜਾਂ ਬੇਅਦਬੀ ਕਰਨ ਸਬੰਧੀ ਕੋਈ ਵੀ ਠੋਸ ਗਵਾਹ ਜਾਂ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ। ਪੁਲਸ ਵੱਲੋਂ ਜਦੋਂ ਘਟਨਾ ਸਥਾਨ ਦੀ CCTV ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਤਾਂ ਉਸ ਵਿੱਚ ਵੀ ਉੱਤਰਵਾਦੀ ਧਿਰ ਵੱਲੋਂ ਪਗੜੀ ਉਤਾਰਨ ਜਾਂ ਬੇਅਦਬੀ ਕਰਨ ਦਾ ਕੋਈ ਤੱਥ ਸਾਹਮਣੇ ਨਹੀਂ ਆਇਆ।
ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ADCP ਨਵਜੋਤ ਸਿੰਘ ਸੰਧੂ ਦੀ ਰਿਪੋਰਟ ਦੇ ਆਧਾਰ 'ਤੇ ਮੁਕੱਦਮੇ ਵਿੱਚੋਂ ਜੁਰਮ 299 BNS (ਧਾਰਮਿਕ ਅਪਮਾਨ) ਦਾ ਘਾਟਾ ਕਰ ਦਿੱਤਾ ਗਿਆ ਹੈ, ਕਿਉਂਕਿ ਇਹ ਜੁਰਮ ਬਣਦਾ ਨਹੀਂ ਪਾਇਆ ਗਿਆ। ਪੁਲਸ ਨੇ ਇਸ ਸਬੰਧੀ ਜਨਰਲ ਡਾਇਰੀ (GD) ਵਿੱਚ ਐਂਟਰੀ ਦਰਜ ਕਰਕੇ ਇਲਾਕਾ ਮੈਜਿਸਟ੍ਰੇਟ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਹੁਣ ਮੁਕੱਦਮੇ ਦੀ ਅਗਲੀ ਤਫਤੀਸ਼ ਬਾਕੀ ਬਚੀਆਂ ਧਾਰਾਵਾਂ ਤਹਿਤ ਜਾਰੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
