ਜਲੰਧਰ ''ਚ ਬਲਾਸਟ! ਗੱਡੀ ''ਚ ਬੈਠੇ ਵਿਅਕਤੀ ਦੀ ਦਰਦਨਾਕ ਮੌਤ, ਪੁਲਸ ਵੱਲੋਂ ਜਾਂਚ ਜਾਰੀ

Tuesday, Jun 23, 2026 - 12:01 PM (IST)

ਜਲੰਧਰ ''ਚ ਬਲਾਸਟ! ਗੱਡੀ ''ਚ ਬੈਠੇ ਵਿਅਕਤੀ ਦੀ ਦਰਦਨਾਕ ਮੌਤ, ਪੁਲਸ ਵੱਲੋਂ ਜਾਂਚ ਜਾਰੀ

ਜਲੰਧਰ (ਸੁਨੀਲ): ਜਲੰਧਰ ਦੇ ਫੋਲੜੀਵਾਲ ਇਲਾਕੇ ਵਿਚ ਇਕ ਸਕਾਰਪੀਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ ਤੇ ਉਸ ਵਿਚ ਧਮਾਕਾ ਹੋ ਗਿਆ। ਇਸ ਗੱਡੀ ਵਿਚੋਂ ਇਕ ਵਿਅਕਤੀ ਦੀ ਸੜੀ ਹੋਈ ਲਾਸ਼ ਵੀ ਬਰਾਮਦ ਹੋਈ ਹੈ। ਫ਼ਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ  ਗਈ ਹੈ। 

ਜਾਣਕਾਰੀ ਮੁਤਾਬਕ, ਅੱਜ ਸਵੇਰੇ ਫੋਲੜੀਵਾਲ ਵਿਚ ਇਕ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਜਦੋਂ ਆਲੇ-ਦੁਆਲੇ ਮੌਜੂਦ ਲੋਕਾਂ ਨੇ ਇਹ ਵੇਖਿਆ ਤਾਂ ਉੱਥੇ ਭਾਜੜਾਂ ਪੈ ਗਈਆਂ। ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਫ਼ਾਇਰ ਬ੍ਰਿਗੇਡ ਨੂੰ ਦਿੱਤੀ। ਫ਼ਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ 'ਤੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਗੱਡੀ ਦੀ ਡਰਾਈਵਿੰਗ ਸੀਟ ਤੋਂ ਇਕ ਵਿਅਕਤੀ ਦੀ ਸੜੀ ਹੋਈ ਲਾਸ਼ ਵੀ ਮਿਲੀ। ਫ਼ਾਇਰ ਬ੍ਰਿਗੇਡ ਵੱਲੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਤਾਂ ਪੁਲਸ ਟੀਮਾਂ ਵੀ ਮੌਕੇ 'ਤੇ ਪਹੁੰਚੀਆਂ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫੋਰੈਂਸਿਕ ਟੀਮਾਂ ਵੱਲੋਂ ਵੀ ਮੌਕੇ ਤੋਂ ਸੈਂਪਲ ਲਏ ਜਾ ਰਹੇ ਹਨ। 

ਮੌਕੇ 'ਤੇ ਪਹੁੰਚੇ ਜਲੰਧਰ ਹਾਈਟਸ ਚੌਕੀ ਦੇ ਇੰਚਾਰਜ ਏ. ਐੱਸ. ਆਈ. ਜਸਦੇਵ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਫ਼ਾਇਰ ਬ੍ਰਿਗੇਡ ਵੱਲੋਂ ਸੂਚਨਾ ਮਿਲੀ ਸੀ ਕਿ ਫੋਲੜੀਵਾਲ ਇਲਾਕੇ ਵਿਚ ਇਕ ਗੱਡੀ ਨੂੰ ਅੱਗ ਲੱਗੀ ਹੈ। ਉਹ ਪੁਲਸ ਟੀਮਾਂ ਸਮੇਤ ਮੌਕੇ 'ਤੇ ਪਹੁੰਚੇ, ਉਦੋਂ ਤਕ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਗੱਡੀ ਦੇ ਵਿਚੋਂ ਇਕ ਲਾਸ਼ ਵੀ ਬਰਾਮਦ ਹੋਈ ਹੈ। ਏ. ਐੱਸ. ਆਈ. ਮੁਤਾਬਕ, ਗੱਡੀ ਨੂੰ ਅੱਗ ਲੱਗਣ ਮਗਰੋਂ ਧਮਾਕਾ ਹੋਇਆ ਤੇ ਗੱਡੀ ਖੇਤਾਂ ਵਿਚ ਪਲਟ ਗਈ। ਸ਼ੁਰੂਆਤੀ ਜਾਂਚ ਵਿਚ ਇਹ ਸਾਹਮਣੇ ਆਇਆ ਹੈ ਕਿ ਇਹ ਗੱਡੀ ਕਪੂਰਥਲਾ ਦੇ ਵਿਅਕਤੀ ਦੇ ਨਾਂ ਤੇ ਰਜਿਸਟਰਡ ਸੀ, ਪਰ ਜਦੋਂ ਉਸ ਵਿਅਕਤੀ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਹ ਗੱਡੀ ਅੱਗੇ ਵੇਚ ਦਿੱਤੀ ਸੀ। ਅੱਗ ਲੱਗਣ ਦੇ ਕਾਰਨਾਂ ਬਾਰੇ ਫ਼ਿਲਹਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮਾਂ ਵੱਲੋਂ ਵੀ ਮੌਕੇ 'ਤੇ ਸੈਂਪਲ ਲਏ ਜਾ ਰਹੇ ਹਨ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। 


author

Anmol Tagra

Content Editor

Related News