ਜਲੰਧਰ ਨਿਗਮ ਦੀ ਸਖ਼ਤੀ: ਡਿਫਾਲਟਰ ਕਾਲੋਨਾਈਜ਼ਰਾਂ ਦੀ ਹੁਣ ਖ਼ੈਰ ਨਹੀਂ, ਮੇਅਰ ਨੇ ਪੁਲਸ ਕਮਿਸ਼ਨਰ ਨੂੰ ਲਿਖੀ ਚਿੱਠੀ
Saturday, Jun 20, 2026 - 07:55 AM (IST)
ਜਲੰਧਰ (ਖੁਰਾਣਾ) : ਨਗਰ ਨਿਗਮ ਜਲੰਧਰ ਦੀ ਕਰੋੜਾਂ ਰੁਪਏ ਦੀ ਬਕਾਇਆ ਰਕਮ ਦਬਾਈ ਬੈਠੇ ਕਾਲੋਨਾਈਜ਼ਰਾਂ ਖ਼ਿਲਾਫ਼ ਹੁਣ ਸਖ਼ਤ ਕਾਰਵਾਈ ਦੀ ਤਿਆਰੀ ਸ਼ੁਰੂ ਹੋ ਗਈ ਹੈ। ਮੇਅਰ ਵਨੀਤ ਧੀਰ ਨੇ ਸਪੱਸ਼ਟ ਕੀਤਾ ਹੈ ਕਿ ਨਿਗਮ ਵੱਲੋਂ ਵਾਰ-ਵਾਰ ਨੋਟਿਸ ਦੇਣ ਅਤੇ ਅਖ਼ਬਾਰਾਂ ਜ਼ਰੀਏ ਅਲਟੀਮੇਟਮ ਜਾਰੀ ਕਰਨ ਦੇ ਬਾਵਜੂਦ ਵਧੇਰੇ ਕਾਲੋਨਾਈਜ਼ਰਾਂ ਨੇ ਬਕਾਇਆ ਰਕਮ ਜਮ੍ਹਾ ਨਹੀਂ ਕਰਵਾਈ, ਜਿਸ ਕਾਰਨ ਹੁਣ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦਾ ਰਸਤਾ ਅਪਣਾਇਆ ਜਾ ਰਿਹਾ ਹੈ।ਮੇਅਰ ਨੇ ਦੱਸਿਆ ਕਿ ਅਜਿਹੇ ਡਿਫ਼ਾਲਟਰ ਕਾਲੋਨਾਈਜ਼ਰਾਂ ਦੀ ਸੂਚੀ ਪੁਲਸ ਕਮਿਸ਼ਨਰ ਨੂੰ ਭੇਜ ਦਿੱਤੀ ਗਈ ਹੈ ਅਤੇ ਉਨ੍ਹਾਂ ਨਾਲ ਸਬੰਧਤ ਵਿਅਕਤੀਆਂ ਖ਼ਿਲਾਫ਼ ਪੁਲਸ ਮਾਮਲੇ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੂੰ ਵੀ ਚਿੱਠੀ ਲਿਖ ਕੇ ਬੇਨਤੀ ਕੀਤੀ ਗਈ ਹੈ ਕਿ ਜਿਹੜੀਆਂ ਕਾਲੋਨੀਆਂ ਵਿਚ ਕਾਲੋਨਾਈਜ਼ਰਾਂ ਦੀ ਮਾਲਕੀ ਵਾਲੇ ਖਾਲੀ ਪਲਾਟ ਪਏ ਹਨ, ਉਨ੍ਹਾਂ ਦੀਆਂ ਰਜਿਸਟਰੀਆਂ ਅਤੇ ਹੋਰ ਜਾਇਦਾਦ ਸਬੰਧਤ ਪ੍ਰਕਿਰਿਆਵਾਂ ’ਤੇ ਰੋਕ ਲਾਈ ਜਾਵੇ, ਤਾਂ ਜੋ ਨਿਗਮ ਦੀ ਬਕਾਇਆ ਰਕਮ ਦੀ ਵਸੂਲੀ ਯਕੀਨੀ ਬਣਾਈ ਜਾ ਸਕੇ।
ਇਹ ਵੀ ਪੜ੍ਹੋ : ਕਾਨੂੰਗੋਆਂ ਤੇ ਪਟਵਾਰੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ, ਦੇਖੋ ਪੂਰੀ ਲਿਸਟ
ਮੇਅਰ ਵਨੀਤ ਧੀਰ ਨੇ ਕਿਹਾ ਕਿ ਵਰ੍ਹੇ 2013 ਅਤੇ 2018 ਵਿਚ ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਵਿਸ਼ੇਸ਼ ਪਾਲਿਸੀ ਲਾਗੂ ਕੀਤੀ ਗਈ ਸੀ। ਇਸ ਪਾਲਿਸੀ ਤਹਿਤ ਕਈ ਕਾਲੋਨਾਈਜ਼ਰਾਂ ਨੇ ਆਪਣੀਆਂ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਲਈ ਬੇਨਤੀ ਤਾਂ ਕੀਤੀ, ਪਰ ਤੈਅ ਫ਼ੀਸ ਅਤੇ ਹੋਰ ਦੇਣਦਾਰੀ ਦਾ ਸਿਰਫ ਇਕ ਛੋਟਾ ਹਿੱਸਾ ਹੀ ਜਮ੍ਹਾ ਕਰਵਾਇਆ। ਇਸ ਕਾਰਨ ਅੱਜ ਵੀ ਨਗਰ ਨਿਗਮ ਦਾ ਕਰੋੜਾਂ ਰੁਪਏ ਦਾ ਬਕਾਇਆ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਮਾਲੀਏ ਦੀ ਸੁਰੱਖਿਆ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਰਫਤਾਰ ਦੇਣ ਲਈ ਬਕਾਇਆ ਰਕਮ ਦੀ ਵਸੂਲੀ ਬੇਹੱਦ ਜ਼ਰੂਰੀ ਹੈ। ਨਿਗਮ ਪ੍ਰਸ਼ਾਸਨ ਹੁਣ ਅਜਿਹੇ ਸਾਰੇ ਮਾਮਲਿਆਂ ਦੀ ਸਮੀਖਿਆ ਕਰ ਰਿਹਾ ਹੈ ਅਤੇ ਨਿਯਮਾਂ ਤਹਿਤ ਸਖ਼ਤ ਕਦਮ ਚੁੱਕੇ ਜਾਣਗੇ, ਤਾਂ ਜੋ ਸਰਕਾਰੀ ਧਨ ਦੀ ਵਸੂਲੀ ਕੀਤੀ ਜਾ ਸਕੇ ਅਤੇ ਭਵਿੱਖ ਵਿਚ ਕੋਈ ਵੀ ਕਾਲੋਨਾਈਜ਼ਰ ਨਿਗਮ ਦੇ ਮਾਲੀਏ ਨੂੰ ਹਲਕੇ ਵਿਚ ਨਾ ਲੈ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
