PUBG ਖੇਡਦੇ-ਖੇਡਦੇ ਬਣਿਆ ਸ਼ੂਟਰ! ਜਲੰਧਰ 'ਚ BMS ਫੈਸ਼ਨ ਗੋਲ਼ੀਬਾਰੀ ਮਾਮਲੇ 'ਚ ਵੱਡੀ ਅਪਡੇਟ, 4 ਗ੍ਰਿਫ਼ਤਾਰ
Sunday, Jun 21, 2026 - 04:01 PM (IST)
ਜਲੰਧਰ (ਸ. ਹ.)–ਸੀ. ਆਈ. ਏ. ਸਟਾਫ਼ ਨੇ ਵਿਦੇਸ਼ ਵਿਚ ਬੈਠੇ ਗੈਂਗਸਟਰ ਡੋਨੀ ਬੱਲ ਅਤੇ ਏਕਮ ਯੂ. ਕੇ. ਲਈ ਕੰਮ ਕਰਨ ਵਾਲੇ 4 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚਾਰੋਂ ਮੁਲਜ਼ਮ ਜਲੰਧਰ ਦੇ ਹੀ ਰਹਿਣ ਵਾਲੇ ਹਨ, ਜੋ ਦੋਵਾਂ ਗੈਂਗਸਟਰਾਂ ਦੇ ਕਹਿਣ ’ਤੇ ਕਾਰੋਬਾਰੀਆਂ ਨੂੰ ਫਿਰੌਤੀ ਲਈ ਟਾਰਗੈੱਟ ਕਰਦੇ ਸਨ। ਇਨ੍ਹਾਂ ਚਾਰ ਮੁਲਜ਼ਮਾਂ ਵਿਚ ਬੀ. ਐੱਮ. ਐੱਸ. ਫੈਸ਼ਨ ’ਤੇ ਹੋਈ ਫਾਇਰਿੰਗ ਦਾ ਦੂਜਾ ਮੁਲਜ਼ਮ ਵੀ ਸ਼ਾਮਲ ਹੈ, ਜਦਕਿ ਪਹਿਲੇ ਸ਼ੂਟਰ ਕੁਸ਼ ਨਿਵਾਸੀ ਜਲੰਧਰ ਨੂੰ ਪੁਲਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।
ਇਹ ਵੀ ਪੜ੍ਹੋ: ਯਾਤਰੀਆਂ ਲਈ Good News! ਜਲੰਧਰ ਸਿਟੀ ਸਣੇ 7 ਸਟੇਸ਼ਨਾਂ 'ਤੇ ਸ਼ੁਰੂ ਹੋਈ ਇਹ ਖ਼ਾਸ ਸਹੂਲਤ

ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ 12 ਜੂਨ ਨੂੰ ਕਿਸ਼ਨਪੁਰਾ ਰੋਡ ’ਤੇ ਸਥਿਤ ਬੀ. ਐੱਮ. ਐੱਸ. ਫੈਸ਼ਨ ’ਤੇ ਹੋਈ ਫਾਇਰਿੰਗ ਦੇ 24 ਘੰਟਿਆਂ ਵਿਚ ਗੈਂਗਸਟਰ ਡੋਨੀ ਬੱਲ ਅਤੇ ਏਕਮ ਦੇ ਸ਼ੂਟਰ ਕੁਸ਼ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਕੁਸ਼ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਕਿ ਫਾਇਰਿੰਗ ਸਮੇਂ ਉਸ ਦੇ ਨਾਲ ਦੂਜਾ ਸਾਥੀ ਨਵਲ ਭਾਰਦਵਾਜ ਉਰਫ਼ ਬਿੱਲਾ ਪੁੱਤਰ ਸੰਜੀਵ ਕੁਮਾਰ ਨਿਵਾਸੀ ਸ਼ਹੀਦ ਭਗਤ ਸਿੰਘ ਨਗਰ ਮਾਡਲ ਹਾਊਸ ਸੀ। ਪੁੱਛਗਿੱਛ ਦੌਰਾਨ ਸੀ. ਆਈ. ਏ. ਸਟਾਫ਼ ਦੀ ਪੁਲਸ ਨੂੰ ਇਹ ਵੀ ਇਨਪੁੱਟ ਮਿਲਿਆ ਕਿ ਕੁਸ਼ ਅਤੇ ਬਿੱਲਾ ਨੂੰ ਫਾਇਰਿੰਗ ਲਈ ਨਿਤੀਸ਼ ਛਾਬੜਾ ਉਰਫ਼ ਲਵ ਪੁੱਤਰ ਸੁਰੇਸ਼ ਕੁਮਾਰ ਨਿਵਾਸੀ ਭਗਤ ਸਿੰਘ ਨਗਰ ਮਾਡਲ ਹਾਊਸ ਨੇ ਕਿਹਾ ਸੀ। ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਨੂੰ ਜਿਵੇਂ ਹੀ ਇਹ ਇਨਪੁੱਟ ਮਿਲੇ ਤਾਂ ਉਨ੍ਹਾਂ ਆਪਣੀ ਟੀਮ ਨਾਲ ਨਵਲ ਭਾਰਦਵਾਜ ਦਾ ਟ੍ਰੈਪ ਲਾਉਣਾ ਸ਼ੁਰੂ ਕਰ ਕੀਤਾ। ਇੰਸ. ਕੰਬੋਜ ਨੂੰ ਸੂਚਨਾ ਮਿਲੀ ਕਿ ਨਵਲ ਆਪਣੇ ਸਾਥੀਆਂ ਸਮੇਤ ਭਾਰਗੋ ਕੈਂਪ ਇਲਾਕੇ ਵਿਚ ਬ੍ਰੇਜ਼ਾ ਕਾਰ ਵਿਚ ਘੁੰਮ ਰਿਹਾ ਹੈ, ਜਿਸ ਕੋਲ ਹਥਿਆਰ ਵੀ ਹੈ।
ਇਹ ਵੀ ਪੜ੍ਹੋ: ਪਟਿਆਲਾ ਵਿਖੇ ਰਸਤੇ 'ਚ ਘੇਰ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ
ਸੀ. ਆਈ. ਏ. ਸਟਾਫ਼ ਦੀ ਟੀਮ ਨੇ ਤੁਰੰਤ ਭਾਰਗਵ ਕੈਂਪ ਇਲਾਕੇ ਵਿਚ ਨਾਕਾਬੰਦੀ ਕਰਕੇ ਕਾਰ ਨੂੰ ਘੇਰ ਲਿਆ ਅਤੇ ਕਾਰ ਸਵਾਰ ਚਾਰਾਂ ਨੌਜਵਾਨਾਂ ਨੂੰ ਗੰਨ ਪੁਆਇੰਟ ’ਤੇ ਲੈ ਕੇ ਬਾਹਰ ਨਿਕਲਣ ਨੂੰ ਕਿਹਾ। ਜਿਵੇਂ ਹੀ ਨੌਜਵਾਨ ਗੱਡੀ ਵਿਚੋਂ ਨਿਕਲੇ ਤਾਂ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਸੀ. ਆਈ. ਏ. ਸਟਾਫ਼ ਲਿਜਾਇਆ ਗਿਆ। ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਕਾਰ ਵਿਚੋਂ ਨਵਲ ਦੇ ਨਾਲ-ਨਾਲ ਮੁੱਖ ਮੁਲਜ਼ਮ ਨਿਤੀਸ਼ ਛਾਬੜਾ ਵੀ ਗ੍ਰਿਫ਼ਤਾਰ ਹੋ ਚੁੱਕਾ ਹੈ। ਬਾਕੀ ਦੇ 2 ਮੁਲਜ਼ਮਾਂ ਦੀ ਪਛਾਣ ਮੁਕੁਲ ਗੌਰੀ ਪੁੱਤਰ ਚਮਨ ਲਾਲ ਨਿਵਾਸੀ ਭਾਰਗਵ ਕੈਂਪ ਅਤੇ ਪ੍ਰਿੰਸ ਪੁੱਤਰ ਰਮੇਸ਼ ਕੁਮਾਰ ਨਿਵਾਸੀ ਈਸ਼ਵਰ ਨਗਰ, ਬਸਤੀ ਬਾਵਾ ਖੇਲ ਦੇ ਰੂਪ ਵਿਚ ਹੋਈ ਹੈ।

ਤਲਾਸ਼ੀ ਲੈਣ ’ਤੇ ਪੁਲਸ ਨੇ ਨਿਤੀਸ਼ ਤੋਂ ਜਗਾਰਾ ਪਿਸਤੌਲ, ਮੈਗਜ਼ੀਨ ਅਤੇ 2 ਕਾਰਤੂਸ ਬਰਾਮਦ ਕੀਤੇ। ਨਵਲ ਤੋਂ 30 ਬੋਰ ਦਾ ਪਿਸਟਲ ਅਤੇ 2 ਕਾਰਤੂਸ ਮਿਲੇ। ਮੁਕੁਲ ਤੋਂ ਗਲੌਕ ਪਿਸਟਲ, 2 ਗੋਲ਼ੀਆਂ ਅਤੇ ਪ੍ਰਿੰਸ ਤੋਂ ਇਕ ਦਾਤਰ ਬਰਾਮਦ ਹੋਇਆ। ਚਾਰਾਂ ਖ਼ਿਲਾਫ਼ ਥਾਣਾ ਭਾਰਗਵ ਕੈਂਪ ਵਿਚ ਕੇਸ ਦਰਜ ਕਰ ਕੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਮੁਲਜ਼ਮ ਨਿਤੀਸ਼ ਨੇ ਮੰਨਿਆ ਕਿ ਉਹ ਵ੍ਹਟਸਐਪ ਅਤੇ ਕਈ ਹੋਰ ਐਪਸ ਜ਼ਰੀਏ ਵਿਦੇਸ਼ ਵਿਚ ਬੈਠੇ ਗੈਂਗਸਟਰ ਡੋਨੀ ਬੱਲ ਅਤੇ ਏਕਮ ਯੂ. ਕੇ. ਦੇ ਲਿੰਕ ਵਿਚ ਸੀ। ਉਹ ਉਸ ਨੂੰ ਸਿੱਧਾ ਟਾਰਗੈੱਟ ਦਿੰਦੇ ਸਨ ਅਤੇ ਫਿਰ ਉਹ ਅੱਗੇ ਆਪਣੇ ਨਾਲ ਜੁੜੇ ਨੌਜਵਾਨਾਂ ਨੂੰ ਵਾਰਦਾਤ ਲਈ ਭੇਜਦਾ ਸੀ। ਇਨ੍ਹਾਂ ਬਦਮਾਸ਼ਾਂ ਦਾ ਕੰਮ ਡੋਨੀ ਬੱਲ ਅਤੇ ਏਕਮ ਦੇ ਕਹਿਣ ’ਤੇ ਕਾਰੋਬਾਰੀਆਂ ਨੂੰ ਫਿਰੌਤੀ ਲਈ ਫੋਨ ਕਰਨਾ ਸੀ ਅਤੇ ਪੈਸੇ ਨਾ ਦੇਣ ’ਤੇ ਉਨ੍ਹਾਂ ਦੇ ਟਿਕਾਣਿਆਂ ’ਤੇ ਫਾਇਰਿੰਗ ਕਰਨਾ ਸੀ। ਮੁਲਜ਼ਮਾਂ ਨੇ ਮੰਨਿਆ ਕਿ ਗੈਂਗਸਟਰਾਂ ਨੇ ਉਨ੍ਹਾਂ ਨੂੰ ਹੋਰ ਵੀ ਟਾਰਗੈੱਟ ਦਿੱਤੇ ਸਨ। ਇਸ ਦੇ ਇਲਾਵਾ ਪੁੱਛਗਿੱਛ ਵਿਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ 29 ਮਈ ਨੂੰ ਕੁਸ਼ ਅਤੇ ਨਵਲ ਨੇ ਬੰਗਾ ਵਿਚ ਵੀ ਡੋਨੀ ਬੱਲ ਦੇ ਕਹਿਣ ’ਤੇ ਫਾਇਰਿੰਗ ਕੀਤੀ ਸੀ। ਨਿਤੀਸ਼ ਨੇ ਮੰਨਿਆ ਕਿ ਬਰਾਮਦ ਹੋਏ ਹਥਿਆਰ ਉਨ੍ਹਾਂ ਨੂੰ ਏਕਮ ਯੂ. ਕੇ. ਨੇ ਦਿਵਾਏ ਸਨ। ਵਾਰਦਾਤ ਕਰਨ ਦੇ ਬਾਅਦ ਉਹ ਹਥਿਆਰ ਉਨ੍ਹਾਂ ਤੋਂ ਵਾਪਸ ਲੈ ਲਏ ਜਾਂਦੇ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਗੈਂਗਸਟਰ ਨੈੱਟਵਰਕ ਦਾ ਪਰਦਾਫ਼ਾਸ਼! ਵਿਦੇਸ਼ੀ ਹੈਂਡਲਰਾਂ ਦੇ 3 ਗੁਰਗੇ ਹਥਿਆਰਾਂ ਸਣੇ ਗ੍ਰਿਫ਼ਤਾਰ
ਪਬਜੀ ਵਿਚ ਗੇਮ ਖੇਡਦੇ-ਖੇਡਦੇ ਬਣ ਗਿਆ ਗੈਂਗਸਟਰ ਡੋਨੀ ਬੱਲ ਦਾ ਸ਼ੂਟਰ
ਜਾਂਚ ਵਿਚ ਪਤਾ ਲੱਗਾ ਕਿ ਨਿਤੀਸ਼ ਪਬਜੀ ਦਾ ਸ਼ੌਕੀਨ ਹੈ। ਲਗਭਗ 8 ਮਹੀਨੇ ਪਹਿਲਾਂ ਪਬਜੀ ਖੇਡ ਰਿਹਾ ਸੀ। ਉਸ ਗੇਮ ਵਿਚ ਗੈਂਗਸਟਰ ਡੋਨੀ ਬੱਲ ਵੀ ਸੀ। ਗੇਮ ਦੇ ਟਾਰਗੈੱਟ ਨੂੰ ਗੋਲ਼ੀਆਂ ਮਾਰਦੇ ਹੋਏ ਡੋਨੀ ਬੱਲ ਨੇ ਕੁਝ ਅਜਿਹੇ ਸ਼ਬਦ ਕਹੇ ਕਿ ਨਿਤੀਸ਼ ਨੂੰ ਉਸ ਬਾਰੇ ਪਤਾ ਲੱਗ ਗਿਆ। ਡੋਨੀ ਬੱਲ ਨੇ ਨਿਤੀਸ਼ ਦੀ ਘੱਟ ਉਮਰ ਦਾ ਫਾਇਦਾ ਉਠਾਇਆ ਅਤੇ ਉਸ ਨੂੰ ਗੈਂਗਸਟਰਾਂ ਦੀ ਦੁਨੀਆ ਦੇ ਸੁਫ਼ਨੇ ਵਿਖਾਉਣੇ ਸ਼ੁਰੂ ਕਰ ਦਿੱਤੇ। ਹੌਲੀ-ਹੌਲੀ ਦੋਵਾਂ ਨੇ ਇਕ-ਦੂਜੇ ਦੇ ਨੰਬਰ ਲੈ ਲਏ ਅਤੇ ਫਿਰ ਹੋਰ ਸੋਸ਼ਲ ਮੀਡੀਆ ਜ਼ਰੀਏ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਮੌਕਾ ਵੇਖ ਕੇ ਡੋਨੀ ਬੱਲ ਨੇ ਨਿਤੀਸ਼ ਨੂੰ ਜਲੰਧਰ ਵਿਚ ਆਪਣਾ ਗੈਂਗ ਸੰਭਾਲਣ ਦੀ ਆਫਰ ਦਿੱਤੀ। ਪੁਲਸ ਦੀ ਮੰਨੀਏ ਤਾਂ ਲਗਭਗ 7-8 ਮਹੀਨੇ ਤੋਂ ਨਿਤੀਸ਼ ਡੋਨੀ ਬੱਲ ਅਤੇ ਏਕਮ ਦੇ ਸੰਪਰਕ ਵਿਚ ਸੀ।
ਇਹ ਵੀ ਪੜ੍ਹੋ: ਅਕਾਲੀ ਦਲ ਵੱਲੋਂ ਨਗਰ ਨਿਗਮ ਚੋਣਾਂ ਲਈ ਐਲਾਨੇ ਗਏ ਉਮੀਦਵਾਰ ਦਾ ਹੋਇਆ ਦਿਹਾਂਤ
ਅਜੇ ਤਕ ਇਕ ਰੁਪਿਆ ਵੀ ਨਹੀਂ ਮਿਲਿਆ
ਪੁਲਸ ਨੇ ਜਦੋਂ ਚਾਰਾਂ ਤੋਂ ਡੋਨੀ ਬੱਲ ਅਤੇ ਏਕਮ ਤੋਂ ਮਿਲੇ ਪੈਸਿਆਂ ਬਾਰੇ ਪੁੱਛਗਿੱਛ ਕੀਤੀ ਤਾਂ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਅਜੇ ਤਕ ਇਕ ਰੁਪਿਆ ਨਹੀਂ ਮਿਲਿਆ। ਉਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਜਿਵੇਂ ਹੀ ਕੋਈ ਡੀਲ ਹੋਈ ਤਾਂ ਉਨ੍ਹਾਂ ਨੂੰ ਪੇਮੈਂਟ ਦਿੱਤੀ ਜਾਵੇਗੀ। ਉਹ ਅਜੇ ਤਕ ਗੈਂਗਸਟਰਾਂ ਲਈ ਗੁੱਡ ਫੇਥ ’ਤੇ ਕੰਮ ਕਰ ਰਹੇ ਸਨ। ਪੁਲਸ ਅਧਿਕਾਰੀਆਂ ਦੀ ਮੰਨੀਏ ਤਾਂ ਇਸੇ ਤਰ੍ਹਾਂ ਬਦਮਾਸ਼ੀ ਦੀ ਦੁਨੀਆ ਦੇ ਅੱਯਾਸ਼ੀ ਭਰੇ ਸੁਫ਼ਨੇ ਵਿਖਾ ਕੇ ਨੌਜਵਾਨਾਂ ਨੂੰ ਗੈਂਗਸਟਰ ਆਪਣੇ ਨਾਲ ਜੋੜ ਲੈਂਦੇ ਸਨ ਅਤੇ ਵਾਰਦਾਤ ਕਰਵਾ ਕੇ ਉਨ੍ਹਾਂ ਨੂੰ ਦੋਬਾਰਾ ਪੁੱਛਿਆ ਨਹੀਂ ਜਾਂਦਾ ਸੀ। ਪੁਲਸ ਅਧਿਕਾਰੀਆਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਦੁਨੀਆ ਵਿਚ ਦਾਖ਼ਲ ਹੋਣ ਨਾਲੋਂ ਚੰਗਾ ਖੇਡ ਜਾਂ ਕਾਰੋਬਾਰ ਵੱਲ ਧਿਆਨ ਦਿੱਤਾ ਜਾਵੇ।
ਇਹ ਵੀ ਪੜ੍ਹੋ: Pinkoo TV ਨੇ ਸ਼ੇਅਰ ਕੀਤੀ ਰਿਸ਼ਤਿਆਂ ਦੀ ਅਹਿਮੀਅਤ ਸਿਖਾਉਂਦੀ ਨਵੀਂ ਵੀਡੀਓ! ਵੇਖੋ ਦਾਦੇ-ਪੋਤੇ ਦਾ ਪਿਆਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
