ਜ਼ੇਲੇਂਸਕੀ ਅੱਜ ਅਮਰੀਕੀ ਸੰਸਦ 'ਚ ਕਰਨਗੇ ਸੰਬੋਧਨ, ਕਰਨਗੇ ਮਦਦ ਦੀ ਅਪੀਲ

03/16/2022 10:38:03 AM

ਵਾਸ਼ਿੰਗਟਨ (ਏਜੰਸੀ): ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਬੁੱਧਵਾਰ ਨੂੰ ਅਮਰੀਕੀ ਸੰਸਦ ਨੂੰ ਸੰਬੋਧਨ ਕਰਨਗੇ। ਜ਼ੇਲੇਂਸਕੀ ਦੇ ਸੰਬੋਧਨ ਨੂੰ ਯੂਐਸ ਕੈਪੀਟਲ ਵਿੱਚ ਲਾਈਵ ਪ੍ਰਸਾਰਿਤ ਕੀਤਾ ਜਾਵੇਗਾ, ਜੋ ਰੂਸ ਨੂੰ ਰੋਕਣ ਲਈ ਉਹਨਾਂ ਦੀ ਲੜਾਈ ਵਿੱਚ ਇੱਕ ਵਿਲੱਖਣ ਰਣਨੀਤੀ ਵਿਚ ਸਭ ਤੋਂ ਮਹੱਤਵਪੂਰਨ ਹੈ। ਉਨ੍ਹਾਂ ਨੇ ਪਿਛਲੇ ਹਫ਼ਤੇ ਬ੍ਰਿਟੇਨ ਦੇ 'ਹਾਊਸ ਆਫ ਕਾਮਨਜ਼' ਨੂੰ ਸੰਬੋਧਨ ਦੌਰਾਨ ਵਿੰਸਟਨ ਚਰਚਿਲ ਅਤੇ ਹੈਮਲੇਟ ਦਾ ਜ਼ਿਕਰ ਕੀਤਾ ਸੀ। ਉਹਨਾਂ ਨੇ ਮੰਗਲਵਾਰ ਨੂੰ ਕੈਨੇਡਾ ਦੀ ਸੰਸਦ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ''ਡੀਅਰ ਜਸਟਿਨ'' ਕਹਿ ਕੇ ਸੰਬੋਧਨ ਕਰਦਿਆਂ ਅਪੀਲ ਕੀਤੀ ਸੀ। ਪੁਰਤਗਾਲ ਦੇ ਪ੍ਰਧਾਨ ਮੰਤਰੀ ਮਾਰਕ ਰੁਟੇ ਨੇ ਯੂਰਪੀ ਦੇਸ਼ਾਂ ਨੂੰ ਜ਼ੇਲੇਂਸਕੀ ਦੇ ਸੰਬੋਧਨ ਬਾਰੇ ਕਿਹਾ ਕਿ ਉਹ ਅਜਿਹੇ ਵਿਅਕਤੀ ਹਨ ਜੋ ਮੁਸ਼ਕਲ ਹਾਲਾਤ 'ਚ ਸੰਜਮ ਬਣਾਈ ਰੱਖਦੇ ਹੋਏ ਅਗਵਾਈ ਕਰਨ ਦੀ ਸਮਰੱਥਾ ਦਿਖਾ ਰਹੇ ਹਨ। ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਉਹਨਾਂ ਨੇ ਸਾਰੇ ਨੇਤਾਵਾਂ 'ਤੇ ਬਹੁਤ ਪ੍ਰਭਾਵ ਪਾਇਆ ਹੈ। 

ਯੁੱਧ ਤੋਂ ਤਿੰਨ ਹਫ਼ਤਿਆਂ ਬਾਅਦ ਜ਼ੇਲੇਂਸਕੀ ਨੇ ਵਿਸ਼ਵਵਿਆਪੀ ਧਿਆਨ ਖਿੱਚਣ ਲਈ ਆਪਣੀ ਜਨਤਕ ਮੁਹਿੰਮ ਦੀ ਵਰਤੋਂ ਕੀਤੀ। ਉਹਨਾਂ ਨੇ ਕੀਵ ਵਿੱਚ ਅਣਜਾਣ ਸਥਾਨਾਂ ਤੋਂ ਕਈ ਵਾਰ ਵੀਡੀਓ ਸੰਦੇਸ਼ ਜਾਰੀ ਕੀਤੇ, ਜੋ ਪੂਰੀ ਦੁਨੀਆ ਦੇ ਲੋਕਾਂ ਤੱਕ ਪਹੁੰਚੇ। ਜਦੋਂ ਜ਼ੇਲੇਂਸਕੀ ਅਮਰੀਕੀ ਸੰਸਦ ਨੂੰ ਸੰਬੋਧਿਤ ਕਰਨਗੇ ਤਾਂ ਉਨ੍ਹਾਂ ਦਾ ਭਾਸ਼ਣ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਇੱਕ ਅਸਹਿਜ ਸਥਿਤੀ ਵਿੱਚ ਪਾ ਸਕਦਾ ਹੈ, ਜਿਹਨਾਂ ਨੇ 'ਨੋ-ਫਲਾਈ' ਜ਼ੋਨ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਦੀ ਜ਼ੇਲੇਂਸਕੀ ਜੰਗ ਦੇ ਸ਼ੁਰੂ ਹੋਣ ਤੋਂ ਬਾਅਦ ਤੋਂ ਅਪੀਲ ਕਰਦੇ ਰਹੇ ਹਨ। ਜ਼ੇਲੇਂਸਕੀ ਚਾਹੁੰਦੇ ਹਨ ਕਿ ਰੂਸੀ ਹਵਾਈ ਹਮਲੇ ਨੂੰ ਰੋਕਣ ਲਈ ਪੱਛਮੀ ਦੇਸ਼ ਆਪਣਾ ਹਵਾਈ ਖੇਤਰ ਬੰਦ ਕਰ ਦੇਣ। 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨੀ ਸ਼ਰਨਾਰਥੀਆਂ ਲਈ ਸਹਾਰਾ ਬਣੇਗਾ ਨਿਊਜ਼ੀਲੈਂਡ, ਦੋ ਸਾਲ ਦੇ ਵਿਸ਼ੇਸ਼ ਵੀਜ਼ੇ ਦੀ ਕੀਤੀ ਪੇਸ਼ਕਸ਼

ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਮੰਗਲਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਨੂੰ ਉਹਨਾਂ ਸਾਰੇ ਫ਼ੈਸਲਿਆਂ ਬਾਰੇ ਦੇਖਣਾ ਹੋਵੇਗਾ ਜੋ ਸਾਡੇ ਰਾਸ਼ਟਰੀ ਸੁਰੱਖਿਆ ਹਿੱਤਾਂ ਅਤੇ ਵਿਸ਼ਵ ਸੁਰੱਖਿਆ ਹਿੱਤਾਂ ਦੇ ਮੱਦੇਨਜ਼ਰ ਲਏ ਗਏ। ਉਹਨਾਂ ਦਾ ਅਜੇ ਵੀ ਮੰਨਣਾ ਹੈ ਕਿ ਨੋ-ਫਲਾਈ ਜ਼ੋਨ ਤਣਾਅ ਨੂੰ ਵਧਾ ਸਕਦਾ ਹੈ ਅਤੇ ਇਸ ਨਾਲ ਰੂਸ ਨਾਲ ਯੁੱਧ ਸ਼ੁਰੂ ਹੋ ਸਕਦਾ ਹੈ। ਜ਼ੇਲੇਂਸਕੀ ਦੇ ਸਪੇਨ ਦੀ ਸੰਸਦ ਨੂੰ ਵੀ ਸੰਬੋਧਨ ਕਰਨ ਦੀ ਵੀ ਉਮੀਦ ਹੈ। ਸਪੇਨ ਦੀ ਸੰਸਦ ਦੇ ਸਪੀਕਰ ਨੇ ਮੰਗਲਵਾਰ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਨੂੰ ਵੀਡੀਓ ਲਿੰਕ ਰਾਹੀਂ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਨ ਲਈ ਸੱਦਾ ਦਿੱਤਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News