ਲਸ਼ਕਰ ਦੇ ਅੱਤਵਾਦੀਆਂ ਨੂੰ ਮਿਲਿਆ ਜ਼ਾਕਿਰ ਨਾਇਕ, ਲਾਹੌਰ ਮਸਜਿਦ ''ਚ ਦਿੱਤਾ ਭਾਸ਼ਣ (ਵੀਡੀਓ)

Sunday, Oct 20, 2024 - 02:42 PM (IST)

ਇਸਲਾਮਾਬਾਦ : ਭਾਰਤ ਨੂੰ ਲੋੜੀਂਦੇ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਦੇ ਪਾਕਿਸਤਾਨ ਦੌਰੇ ਅਤੇ ਉਸ ਦੇ ਅੱਤਵਾਦੀਆਂ ਨਾਲ ਸਬੰਧਾਂ ਦੇ ਸਬੂਤ ਸਾਹਮਣੇ ਆਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਜ਼ਾਕਿਰ ਨੂੰ ਪਾਕਿਸਤਾਨ 'ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਲੋਕਾਂ ਨੂੰ ਗਲੇ ਲਗਾਉਂਦੇ ਦੇਖਿਆ ਗਿਆ। ਇੰਨਾ ਹੀ ਨਹੀਂ ਉਨ੍ਹਾਂ ਨੇ ਲਾਹੌਰ ਦੀ ਬਾਦਸ਼ਾਹੀ ਮਸਜਿਦ 'ਚ ਕਰੀਬ ਡੇਢ ਲੱਖ ਲੋਕਾਂ ਦੀ ਭੀੜ ਵਿਚਾਲੇ ਇਕ ਪ੍ਰੋਗਰਾਮ 'ਚ ਭਾਸ਼ਣ ਵੀ ਦਿੱਤਾ। ਇਸ ਦੌਰਾਨ ਉਹ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਮੁਜ਼ੱਮਿਲ ਇਕਬਾਲ ਹਾਸ਼ਮੀ, ਮੁਹੰਮਦ ਹਰਿਸ ਧਰ ਅਤੇ ਫੈਜ਼ਲ ਨਦੀਮ ਨਾਲ ਨਜ਼ਰ ਆਏ। ਰਿਪੋਰਟ ਮੁਤਾਬਕ ਜ਼ਾਕਿਰ ਇਕ ਮਹੀਨੇ ਦੀ ਯਾਤਰਾ 'ਤੇ 30 ਸਤੰਬਰ ਨੂੰ ਪਾਕਿਸਤਾਨ ਪਹੁੰਚਿਆ ਸੀ।

ਉਨ੍ਹਾਂ ਦਾ ਦੌਰਾ ਰਾਜ ਮਹਿਮਾਨ ਵਜੋਂ ਹੈ, ਜੋ ਆਮ ਤੌਰ 'ਤੇ ਵਿਦੇਸ਼ਾਂ ਦੇ ਉੱਚ ਪੱਧਰੀ ਨੇਤਾਵਾਂ ਨੂੰ ਦਿੱਤਾ ਜਾਂਦਾ ਹੈ। ਜ਼ਾਕਿਰ ਦੀਆਂ ਅੱਤਵਾਦੀਆਂ ਨਾਲ ਮੁਲਾਕਾਤਾਂ ਨੇ ਜਿੱਥੇ ਇਕ ਵਾਰ ਫਿਰ ਕੌਮਾਂਤਰੀ ਮੰਚ 'ਤੇ ਪਾਕਿਸਤਾਨ ਦਾ ਅੱਤਵਾਦੀ ਚਿਹਰਾ ਬੇਨਕਾਬ ਕਰ ਦਿੱਤਾ ਹੈ, ਉੱਥੇ ਹੀ ਇਸ ਨੇ ਦੁਨੀਆ ਲਈ ਚਿੰਤਾ ਵੀ ਪੈਦਾ ਕਰ ਦਿੱਤੀ ਹੈ। ਭਾਰਤ 'ਚ 2016 ਤੋਂ ਵਾਂਟਡ ਜ਼ਾਕਿਰ 'ਤੇ ਭੜਕਾਊ ਭਾਸ਼ਣ ਦੇਣ, ਮਨੀ ਲਾਂਡ੍ਰਿੰਗ ਤੇ ਅੱਤਵਾਦ ਫੈਲਾਉਣ ਦੇ ਦੋਸ਼ ਹਨ। ਜੁਲਾਈ 2016 'ਚ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ 5 ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਜਿਸ 'ਚ 29 ਲੋਕ ਮਾਰੇ ਗਏ ਸਨ। ਇਸ ਘਟਨਾ ਦੀ ਜਾਂਚ ਵਿਚ ਗ੍ਰਿਫਤਾਰ ਕੀਤੇ ਗਏ ਇਕ ਦੋਸ਼ੀ ਨੇ ਕਿਹਾ ਸੀ ਕਿ ਉਹ ਜ਼ਾਕਿਰ ਨਾਇਕ ਦੇ ਭਾਸ਼ਣਾਂ ਤੋਂ ਪ੍ਰਭਾਵਿਤ ਸੀ। ਇਸ ਤੋਂ ਬਾਅਦ ਮੁੰਬਈ ਪੁਲਸ ਦੀ ਸਪੈਸ਼ਲ ਬ੍ਰਾਂਚ ਨੇ ਮਾਮਲੇ ਦੀ ਜਾਂਚ ਕੀਤੀ।

ਸ਼ੁਰੂਆਤੀ ਜਾਂਚ ਤੋਂ ਬਾਅਦ, ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ 2016 ਵਿੱਚ ਯੂਏਪੀਏ ਅਤੇ ਹੋਰ ਧਾਰਾਵਾਂ ਦੇ ਤਹਿਤ ਉਸਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਤੋਂ ਬਾਅਦ ਉਹ ਭਾਰਤ ਤੋਂ ਭੱਜ ਕੇ ਸਾਊਦੀ ਅਰਬ ਚਲਾ ਗਿਆ। ਉਥੋਂ ਉਹ ਮਲੇਸ਼ੀਆ ਚਲਾ ਗਿਆ ਅਤੇ ਉਦੋਂ ਤੋਂ ਉਥੇ ਰਹਿ ਰਿਹਾ ਹੈ। ਉਥੇ ਮਲੇਸ਼ੀਆ ਦੇ ਤਤਕਾਲੀ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੇ ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਪ੍ਰਦਾਨ ਕੀਤੀ ਸੀ। 2017 'ਚ, ਮੁੰਬਈ ਦੀ ਐੱਨਆਈਏ ਅਦਾਲਤ ਨੇ ਨਾਇਕ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਇਸ ਤੋਂ ਬਾਅਦ 2019 'ਚ ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਵੀ ਉਸ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।

ਈਡੀ ਨੇ ਉਸ ਖ਼ਿਲਾਫ਼ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਜ਼ਾਕਿਰ ਨਾਇਕ ਦੀ ਐੱਨਜੀਓ ਇਸਲਾਮਿਕ ਰਿਸਰਚ ਫਾਊਂਡੇਸ਼ਨ (ਆਈਆਰਐੱਫ) ਦੀ ਜਾਂਚ ਦੌਰਾਨ ਕਈ ਬੇਨਿਯਮੀਆਂ ਪਾਈਆਂ ਗਈਆਂ। ਜਾਂਚ 'ਚ ਇਹ ਵੀ ਪਤਾ ਲੱਗਾ ਹੈ ਕਿ ਨਾਇਕ ਨੇ ਕਈ ਫਰਜ਼ੀ ਕੰਪਨੀਆਂ ਰਜਿਸਟਰਡ ਕਰਵਾਈਆਂ ਸਨ। ਭਾਰਤੀ ਗ੍ਰਹਿ ਮੰਤਰਾਲੇ ਨੇ ਨਵੰਬਰ 2016 'ਚ IRF 'ਤੇ ਪਾਬੰਦੀ ਲਗਾ ਦਿੱਤੀ ਸੀ। ਜ਼ਾਕਿਰ ਨਾਇਕ ਭਾਰਤ ਤੋਂ ਭੱਜਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰ ਗਿਆ ਸੀ। ਉਸ ਨੇ ਜੁਲਾਈ 2008 'ਚ ਕਿਹਾ ਸੀ ਕਿ 11 ਸਤੰਬਰ 2001 ਨੂੰ ਅਮਰੀਕਾ ਦੇ ਵਰਲਡ ਟਰੇਡ ਸੈਂਟਰ 'ਤੇ ਹੋਏ ਹਮਲੇ ਲਈ ਅਲਕਾਇਦਾ ਜ਼ਿੰਮੇਵਾਰ ਨਹੀਂ ਹੈ।


Baljit Singh

Content Editor

Related News