ਆਸਿਮ ਮੁਨੀਰ ਨੂੰ ਤਾਕਤ ਪ੍ਰਦਾਨ ਕਰਨ ਵਾਲੀ ਸੰਵਿਧਾਨਕ ਸੋਧ ਦਾ ਪਾਕਿ ’ਚ ਵਿਰੋਧ

Saturday, Nov 15, 2025 - 02:21 AM (IST)

ਆਸਿਮ ਮੁਨੀਰ ਨੂੰ ਤਾਕਤ ਪ੍ਰਦਾਨ ਕਰਨ ਵਾਲੀ ਸੰਵਿਧਾਨਕ ਸੋਧ ਦਾ ਪਾਕਿ ’ਚ ਵਿਰੋਧ

ਕਰਾਚੀ, ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਫੌਜ ਮੁਖੀ ਆਸਿਮ ਮੁਨੀਰ ਅੱਗੇ ਆਤਮਸਮਰਪਣ ਕਰਦੀ ਪ੍ਰਤੀਤ ਹੁੰਦੀ ਹੈ। ਪਾਕਿਸਤਾਨੀ ਸੰਸਦ ’ਚ ਇਕ ਇਤਿਹਾਸਕ ਤੇ ਵਿਵਾਦ ਵਾਲੀ ਸੰਵਿਧਾਨਕ ਸੋਧ ਪਾਸ ਕੀਤੀ ਗਈ ਹੈ ਜਿਸ ਨਾਲ ਫੀਲਡ ਮਾਰਸ਼ਲ ਮੁਨੀਰ ਨੂੰ ਨਵੀਆਂ ਤਾਕਤਾਂ ਮਿਲੀਆਂ ਹਨ।

ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵੱਲੋਂ ਇਸ ਬਿੱਲ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਆਸਿਮ ਮੁਨੀਰ ਅਧਿਕਾਰਤ ਰੂਪ ’ਚ ਪਾਕਿਸਤਾਨ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਬਣ ਗਏ ਹਨ। ਇਸ ਦੇ ਵਿਰੋਧ ’ਚ ਪਾਕਿਸਤਾਨੀ ਸੁਪਰੀਮ ਕੋਰਟ ਦੇ 2 ਜੱਜਾਂ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਹ ਸੋਧ ਸੰਵਿਧਾਨ ਨੂੰ ਕਮਜ਼ੋਰ ਕਰਦੀ ਹੈ ਤੇ ਨਿਆਂਪਾਲਿਕਾ ਦੀ ਆਜ਼ਾਦੀ ਨਾਲ ਸਮਝੌਤਾ ਕਰਦੀ ਹੈ।

ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵੱਲੋਂ ਵਿਵਾਦ ਵਾਲੀ 27ਵੀਂ ਸੰਵਿਧਾਨਕ ਸੋਧ ਨੂੰ ਮਨਜ਼ੂਰੀ ਦੇਣ ਤੋਂ ਥੋੜ੍ਹੀ ਦੇਰ ਬਾਅਦ ਜਸਟਿਸ ਮਨਸੂਰ ਅਲੀ ਸ਼ਾਹ ਤੇ ਜਸਟਿਸ ਅਤਹਰ ਮਿਨੱਲਾਹ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ।

ਆਪਣੇ ਅਸਤੀਫਿਆਂ ’ਚ ਦੋਵਾਂ ਜੱਜਾਂ ਨੇ ਸੰਵਿਧਾਨਕ ਸੋਧ ਨੂੰ ਪਾਕਿ ਦੇ ਸੰਵਿਧਾਨ ’ਤੇ ਇਕ ਗੰਭੀਰ ਹਮਲਾ ਕਿਹਾ। ਉਨ੍ਹਾਂ ਕਿਹਾ ਕਿ ਇਹ ਸੁਪਰੀਮ ਕੋਰਟ ਨੂੰ ਭੰਗ ਕਰ ਦੇਵੇਗੀ ਤੇ ਨਿਆਂਪਾਲਿਕਾ ਨੂੰ ਕਾਰਜਪਾਲਿਕਾ ਦੇ ਕੰਟਰੋਲ ਹੇਠ ਰੱਖ ਦੇਵੇਗੀ। ਇਹ ਪਾਕਿਸਤਾਨ ਦੇ ਸੰਵਿਧਾਨ ਤੇ ਲੋਕਤੰਤਰ ਦੇ ਦਿਲ 'ਤੇ ਵਾਰ ਕਰਦੀ ਹੈ।
 


author

Inder Prajapati

Content Editor

Related News