ਪਾਕਿਸਤਾਨ ’ਚ 50 ਅਰਬ ਰੁਪਏ ਦੇ ਵਾਧੂ ਰੱਖਿਆ ਬਜਟ ਨੂੰ ਪ੍ਰਵਾਨਗੀ
Wednesday, Nov 19, 2025 - 10:14 PM (IST)
ਇਸਲਾਮਾਬਾਦ - ਪਾਕਿਸਤਾਨ ਸਰਕਾਰ ਨੇ ਦੇਸ਼ ਦੀਆਂ ਸਰਹੱਦਾਂ ’ਤੇ ਸੁਰੱਖਿਆ ਨੂੰ ਮਜ਼ਬੂਤ ਕਰਨ, ਸਮੁੰਦਰੀ ਫੌਜ ਦੇ ਟਿਕਾਣਿਆਂ ਨੂੰ ਅਪਗ੍ਰੇਡ ਕਰਨ ਅਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ. ਪੀ. ਈ. ਸੀ.) ਦੀ ਸੁਰੱਖਿਆ ਬਣਾਈ ਰੱਖਣ ਲਈ 50 ਅਰਬ ਪਾਕਿਸਤਾਨੀ ਰੁਪਏ (ਪੀ. ਕੇ. ਆਰ.) ਦੇ ਵਾਧੂ ਰੱਖਿਆ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਵਿੱਤ ਮੰਤਰਾਲਾ ਨੇ ਦੱਸਿਆ ਕਿ ਇਹ ਫੈਸਲਾ ਮੰਗਲਵਾਰ ਨੂੰ ਕੈਬਨਿਟ ਦੀ ਆਰਥਿਕ ਤਾਲਮੇਲ ਕਮੇਟੀ (ਈ. ਸੀ. ਸੀ.) ਦੀ ਮੀਟਿੰਗ ਵਿਚ ਲਿਆ ਗਿਆ। ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਦੀ ਪ੍ਰਧਾਨਗੀ ਹੇਠ ਹੋਈ ਈ. ਸੀ. ਸੀ. ਦੀ ਮੀਟਿੰਗ ਵਿਚ ਰਾਸ਼ਟਰੀ ਸੁਰੱਖਿਆ, ਰੱਖਿਆ, ਖੁਰਾਕ ਸੁਰੱਖਿਆ ਅਤੇ ਪੈਟਰੋਲੀਅਮ ਖੇਤਰ ਦੇ ਸੁਧਾਰਾਂ ਨਾਲ ਸਬੰਧਤ ਪ੍ਰਸਤਾਵਾਂ ’ਤੇ ਵਿਚਾਰ ਕੀਤਾ ਗਿਆ।
ਕੁੱਲ ਰਕਮ ਵਿਚੋਂ 39 ਅਰਬ ਪੀ. ਕੇ. ਆਰ. ਜ਼ਮੀਨੀ ਫੌਜ ਅਤੇ ਲੱਗਭਗ 11 ਅਰਬ ਪੀ. ਕੇ. ਆਰ. ਸਮੁੰਦਰੀ ਫੌਜ ਨੂੰ ਅਲਾਟ ਕੀਤੇ ਗਏ ਹਨ। ਇਹ ਵਾਧੂ 50 ਅਰਬ ਪੀ. ਕੇ. ਆਰ. ਜੂਨ ਵਿਚ ਸਰਕਾਰ ਵੱਲੋਂ ਸਾਲ 2025-26 ਦੇ ਰੱਖਿਆ ਬਜਟ ਦੇ ਹਿੱਸੇ ਵਜੋਂ ਅਲਾਟ 2550 ਅਰਬ ਪੀ. ਕੇ. ਆਰ. ਤੋਂ ਇਲਾਵਾ ਹਨ।
