ਮਲੇਸ਼ੀਆ ''ਚ ਜ਼ਾਕਿਰ ਨਾਈਕ ਦੀ ''ਬੋਲਤੀ ਬੰਦ'', ਧਾਰਮਿਕ ਭਾਸ਼ਣ ਦੇਣ ''ਤੇ ਬੈਨ

08/20/2019 10:20:04 AM

ਮੇਲਾਕਾ, (ਏਜੰਸੀ)— ਮਲੇਸ਼ੀਆ ਦੇ 7 ਸੂਬਿਆਂ ਨੇ ਵਿਵਾਦਤ ਇਸਲਾਮਕ ਧਰਮ ਪ੍ਰਚਾਰਕ ਡਾ. ਜ਼ਾਕਿਰ ਨਾਈਕ 'ਤੇ ਕਾਰਵਾਈ ਕਰਦੇ ਹੋਏ ਉਸ ਦੀ ਬੋਲਤੀ ਬੰਦ ਕਰ ਦਿੱਤੀ ਹੈ। ਜ਼ਾਕਿਰ ਨਾਈਕ ਦੇ ਕਿਸੇ ਵੀ ਧਾਰਮਿਕ ਭਾਸ਼ਣ ਜਾਂ ਜਨਤਕ ਸਭਾ 'ਚ ਹਿੱਸਾ ਲੈਣ 'ਤੇ ਰੋਕ ਲਗਾ ਦਿੱਤੀ ਗਈ ਹੈ। ਜ਼ਾਕਿਰ ਨਾਈਕ 'ਤੇ ਮਲੇਸ਼ੀਆ ਦੇ ਮੇਲਾਕਾ, ਜੋਹੋਰ, ਸੇਲਾਂਗੋਰ, ਪੇਨਾਂਗ, ਕੇਦਾਹ, ਪਰਲਿਸ ਅਤੇ ਸਾਰਾਵਾਕ ਸੂਬਿਆਂ ਨੇ ਕਾਰਵਾਈ ਕੀਤੀ ਹੈ। ਇਨ੍ਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਜ਼ਾਕਿਰ ਨਾਈਕ 'ਤੇ ਬੈਨ ਲਗਾਇਆ ਹੈ। ਉੱਥੇ ਹੀ ਉਸ ਕੋਲੋਂ ਬੁਕੀਨ ਅਮਨ ਪੁਲਸ ਸਟੇਸ਼ਨ 'ਤੇ ਪੁੱਛ-ਪੜਤਾਲ ਕੀਤੀ ਗਈ। ਇੱਥੇ ਜ਼ਾਕਿਰ ਤੋਂ 10 ਘੰਟਿਆਂ ਤਕ ਪੁੱਛ-ਪੜਤਾਲ ਕੀਤੀ ਗਈ ਤੇ ਇਸ ਦੇ ਬਾਅਦ ਉਸ ਨੂੰ ਛੱਡ ਦਿੱਤਾ ਗਿਆ। 

ਜ਼ਿਕਰਯੋਗ ਹੈ ਕਿ ਮਲੇਸ਼ੀਆਈ ਪੁਲਸ ਨਾਈਕ ਦੇ ਮਲੇਸ਼ੀਆਈ ਘੱਟ ਗਿਣਤੀਆਂ ਖਿਲਾਫ ਦਿੱਤੇ ਬਿਆਨ ਦੀ ਜਾਂਚ ਕਰ ਰਹੀ ਹੈ। ਇਹ ਦੂਜੀ ਵਾਰ ਹੈ ਜਦ ਮਲੇਸ਼ੀਆਈ ਅਧਿਕਾਰੀਆਂ ਨੇ ਜ਼ਾਕਿਰ ਨਾਈਕ ਨੂੰ ਹਿੰਦੂਆਂ ਅਤੇ ਚੀਨੀਆਂ ਖਿਲਾਫ ਕਥਿਤ ਨਸਲੀ ਟਿੱਪਣੀ ਕਰਨ ਦੇ ਮਾਮਲੇ 'ਚ ਤਲਬ ਕੀਤਾ ਹੈ। ਤਲਬ ਕਰਨ ਦੇ ਕੁੱਝ ਘੰਟਿਆਂ ਬਾਅਦ ਹੀ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ  ਨੇ ਜ਼ਾਕਿਰ ਨਾਈਕ ਨੂੰ ਚਿਤਾਵਨੀ ਦਿੱਤੀ ਸੀ ਕਿ ਉਸ ਨੂੰ ਮਲੇਸ਼ੀਆ 'ਚ ਰਾਜਨੀਤਕ ਗਤੀਵਿਧੀਆਂ 'ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੈ। ਜਾਣਕਾਰੀ ਮੁਤਾਬਕ ਨਾਈਕ ਨੂੰ ਰਾਇਲ ਮਲੇਸ਼ੀਆ ਪੁਲਸ ਦਫਤਰ, ਬੁਕਿਤ ਅਮਨ 'ਚ ਬੁਲਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਅਧਿਕਾਰੀ ਵੀ 2016 ਤੋਂ ਹੀ ਭਾਸ਼ਣਾਂ ਨਾਲ ਕੱਟੜਪੰਥੀਆਂ ਨੂੰ ਭੜਕਾਉਣ ਦੇ ਮਾਮਲਿਆਂ 'ਚ ਨਾਈਕ ਨੂੰ ਲੱਭ ਰਹੇ ਹਨ। ਜ਼ਿਕਰਯੋਗ ਹੈ ਕਿ ਨਾਈਕ ਮੁਸਲਿਮ ਬਹੁਲਤਾ ਵਾਲੇ ਮਲੇਸ਼ੀਆ ਦਾ ਸਥਾਈ ਨਿਵਾਸੀ ਹੈ। ਨਾਈਕ 'ਤੇ ਮਲੇਸ਼ੀਆਈ ਹਿੰਦੂਆਂ ਅਤੇ ਮਲੇਸ਼ੀਆਈ ਚੀਨੀਆਂ ਖਿਲਾਫ ਵਿਵਾਦਤ ਟਿੱਪਣੀਆਂ ਕਰਨ ਦਾ ਦੋਸ਼ ਹੈ, ਜਿਸ ਦੇ ਬਾਅਦ ਤੋਂ ਉਸ ਨੂੰ ਭਾਰਤ ਵਾਪਸ ਭੇਜੇ ਜਾਣ ਦੀਆਂ ਆਵਾਜ਼ਾਂ ਉੱਠਣ ਲੱਗੀਆਂ ਹਨ।


Related News