ਸ਼ੀ ਜਿਨਪਿੰਗ ਦਾ ਫ਼ਰਮਾਨ, ਚੀਨੀ ਫ਼ੌਜ ਨੂੰ ਬਣਾਉਣੈ ਵਰਲਡ ਕਲਾਸ, 2027 ਤੱਕ ਪੂਰਾ ਹੋਵੇ ਟੀਚਾ
Monday, Oct 31, 2022 - 01:01 AM (IST)
ਬੀਜਿੰਗ : ਲਗਾਤਾਰ ਤੀਜੀ ਵਾਰ ਰਾਸ਼ਟਰਪਤੀ ਦਾ ਅਹੁਦਾ ਜਿੱਤਣ ਤੋਂ ਬਾਅਦ ਸ਼ੀ ਜਿਨਪਿੰਗ ਨੇ ਇਕ ਫ਼ਰਮਾਨ ਜਾਰੀ ਕਰਕੇ ਫ਼ੌਜ ਨੂੰ ਆਪਣੀ ਫ਼ੌਜੀ ਤਾਕਤ ’ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ ਹੈ। ਸ਼ੀ ਦੀ ਟਿੱਪਣੀ ਇਸ ਮਾਇਨੇ ’ਚ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਕਿ ਉਹ ਕੇਂਦਰੀ ਫ਼ੌਜੀ ਕਮਿਸ਼ਨ ਦੇ ਚੇਅਰਮੈਨ ਵੀ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ 2027 ਤੱਕ ਟੀਚਾ ਹਾਸਲ ਕਰਨ ਦੀ ਗੱਲ ਵੀ ਕਹੀ, ਜੋ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਗਠਨ ਦਾ ਸ਼ਤਾਬਦੀ ਸਾਲ ਹੈ। ਰਿਪੋਰਟ ਮੁਤਾਬਕ ਚੀਨੀ ਨੇਤਾ ਨੇ ਫ਼ੌਜ ਨੂੰ ਆਪਣਾ ਮਿਸ਼ਨ ਪੂਰਾ ਕਰਨ ਅਤੇ ਫ਼ੌਜ ਨੂੰ ਵਰਲਡ ਕਲਾਸ ਫੋਰਸ ਬਣਾਉਣ ਲਈ ਕਿਹਾ ਹੈ। ਸ਼ੀ ਨੇ ਪਾਰਟੀ ਕਾਂਗਰਸ ਦੀ ਸਮਾਪਤੀ ਤੋਂ ਬਾਅਦ ਚੋਟੀ ਦੇ ਅਧਿਕਾਰੀਆਂ ਨਾਲ ਆਪਣੀ ਪਹਿਲੀ ਮਿਲਟਰੀ ਮੀਟਿੰਗ ਦੌਰਾਨ ਇਹ ਗੱਲ ਕਹੀ। ਉਨ੍ਹਾਂ ਸਪੱਸ਼ਟ ਕਿਹਾ ਕਿ ਟੀਚੇ ਤੱਕ ਪਹੁੰਚਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਰਾਸ਼ਟਰਪਤੀ ਸ਼ੀ ਦੀ ਟਿੱਪਣੀ ਇਸ ਮਾਇਨੇ ’ਚ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਕਿ ਉਹ ਕੇਂਦਰੀ ਫ਼ੌਜੀ ਕਮਿਸ਼ਨ ਦੇ ਚੇਅਰਮੈਨ ਵੀ ਹਨ। ਇੰਨਾ ਹੀ ਨਹੀਂ, ਸ਼ੀ ਨੇ ਆਪਣੇ ਭਾਸ਼ਣ ਰਾਹੀਂ ਹਥਿਆਰਬੰਦ ਬਲਾਂ ਨੂੰ ਸਪੱਸ਼ਟ ਸੰਦੇਸ਼ ਵੀ ਦਿੱਤਾ। ਇਸ ’ਚ ਕਿਹਾ ਗਿਆ ਹੈ ਕਿ ਸਾਰੇ ਮੈਂਬਰਾਂ ਨੂੰ ਫ਼ੌਜ ਨੂੰ ਮਜ਼ਬੂਤ ਕਰਨ ਬਾਰੇ ਪਾਰਟੀ ਦੇ ਵਿਚਾਰਾਂ ਦੀ ਸਮਝ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੂੰ ਧਿਆਨ ਨਾਲ ਵਿਚਾਰਨ ਅਤੇ ਵਰਲਡ ਕਲਾਸ ਫ਼ੌਜ ਬਣਾਉਣ ਲਈ ਯਤਨ ਤੇਜ਼ ਕਰਨ। ਲਗਾਤਾਰ ਤੀਜੀ ਵਾਰ ਰਾਸ਼ਟਰਪਤੀ ਅਹੁਦੇ ’ਤੇ ਬੈਠੇ ਸ਼ੀ ਜਿਨਪਿੰਗ ਨੇ ਕਿਹਾ, 'ਅਸੀਂ ਚੀਨੀ ਰਾਸ਼ਟਰ ਦੇ ਸਾਰੇ ਹਿੱਤਾਂ ਦੀ ਰੱਖਿਆ ਕਰਾਂਗੇ। ‘ਤਾਈਵਾਨ ਦੀ ਆਜ਼ਾਦੀ’ ਦਾ ਵਿਰੋਧ ਕਰਨ ਤੇ ਦੁਬਾਰਾ ਖ਼ੁਦ ਨਾਲ ਮਿਲਾਉਣ ਨੂੰ ਲੈ ਕੇ ਮੁੜ ਮਜ਼ਬੂਤ ਕਦਮ ਚੁੱਕਾਂਗੇ।