ਚੀਨ ਦੇ ਵੁਹਾਨ ''ਚ ਮੁੜ ਸਾਹਮਣੇ ਆਏ 5 ਮਾਮਲੇ, ਕਈ ਅਧਿਕਾਰੀ ਸਸਪੈਂਡ

05/12/2020 3:32:29 PM

ਬੀਜਿੰਗ- ਰੂਸ ਦੀ ਸਰਹੱਦ 'ਤੇ ਸਥਿਤ ਸ਼ੁਲਾਨ ਸ਼ਹਿਰ ਵਿਚ ਕੋਰੋਨਾ ਵਾਇਰਸ ਦਾ ਨਵਾਂ ਕਲਸਟਰ ਮਿਲਣ ਤੋਂ ਬਾਅਦ ਹੁਣ ਗ੍ਰਾਊਂਡ ਜ਼ੀਰੋ ਵੁਹਾਨ ਵਿਚ ਵੀ ਇਨਫੈਕਸ਼ਨ ਦੀ ਵਾਪਸੀ ਹੋ ਚੁੱਕੀ ਹੈ। ਇਨਫੈਕਸ਼ਨ ਦਾ ਕੇਂਦਰ ਰਹੇ ਵੁਹਾਨ ਵਿਚ 30 ਦਿਨ ਤੋਂ ਵਧੇਰੇ ਸਮੇਂ ਤੋਂ ਬਾਅਦ ਕੋਰੋਨਾ ਵਾਇਰਸ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਚੀਨੀ ਸਰਕਾਰ ਵਿਚ ਹਫੜਾ-ਦਫੜੀ ਦਾ ਮਾਹੌਲ ਹੈ। ਵੁਹਾਨ ਵਿਚ ਪੰਜ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਇਕ ਸਥਾਨਕ ਅਧਿਕਾਰੀ ਸਣੇ ਕਈ ਲੋਕਾਂ ਨੂੰ ਖਰਾਬ ਪ੍ਰਬੰਧਨ ਦੇ ਦੋਸ਼ ਵਿਚ ਬਰਖਾਸਤ ਕਰ ਦਿੱਤਾ ਹੈ।

ਸਰਕਾਰੀ ਨਿਊਜ਼ ਏਜੰਸੀ ਸਿਨਹੂਆ ਨੇ ਆਪਣੀ ਖਬਰ ਵਿਚ ਦੱਸਿਆ ਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਚਾਂਗਕਵਿੰਗ ਸਟ੍ਰੀਟ ਦੇ ਸਕੱਤਰ ਝਾਂਗ ਯੂਜਿਨ ਨੂੰ ਵੁਹਾਨ ਵਿਚ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਨਫੈਕਸ਼ਨ ਦੇ ਇਹ ਮਾਮਲੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਵਿਚ ਸਾਹਮਣੇ ਆਏ ਹਨ। ਇਹ ਇਲਾਕਾ ਚਾਂਗਕਵਿੰਗ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ। ਖਬਰ ਵਿਚ ਕਿਹਾ ਗਿਆ ਹੈ ਕਿ ਝਾਂਗ ਨੂੰ ਰਿਹਾਇਸ਼ੀ ਭਵਨ ਦਾ ਸਹੀ ਤਰ੍ਹਾਂ ਨਾਲ ਪ੍ਰਬੰਧਨ ਨਹੀਂ ਕਰਨ ਕਾਰਣ ਅਹੁਦੇ ਤੋਂ ਹਟਾਇਆ ਗਿਆ ਹੈ। ਇਸੇ ਇਲਾਕੇ ਵਿਚ ਪਹਿਲਾਂ ਵਾਇਰਸ ਦੇ 20 ਮਾਮਲੇ ਸਾਹਮਣੇ ਆਏ ਸਨ। 

ਸਾਹਮਣੇ ਆਏ 5 ਨਵੇਂ ਮਾਮਲੇ ਤਾਂ ਵਧਿਆ ਡਰ
ਵੁਹਾਨ ਵਿਚ ਇਨਫੈਕਸ਼ਨ ਦੇ ਪੰਜ ਨਵੇਂ ਮਾਮਲੇ ਐਤਵਾਰ ਨੂੰ ਤੇ ਇਕ ਮਾਮਲਾ ਸ਼ਨੀਵਾਰ ਨੂੰ ਸਾਹਮਣੇ ਆਇਆ। ਇਥੇ 35 ਦਿਨ ਤੋਂ ਇਨਫੈਕਸ਼ਨ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਸੀ। ਡੋਂਗਸ਼ਿਹੂ ਜ਼ਿਲਾ ਸਿਹਤ ਬਿਊਰੋ ਦੇ ਨਿਰਦੇਸ਼ਕ ਲੀ ਪਿੰਗ ਨੇ ਕਿਹਾ ਕਿ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਤਕਰੀਬਨ 20 ਹਜ਼ਾਰ ਲੋਕਾਂ ਦਾ ਨਿਯੂਕਲਿਕ ਐਸਿਡ ਪ੍ਰੀਖਣ ਵੱਖ-ਵੱਖ ਬੈਚ ਵਿਚ ਕਰਵਾਇਆ ਜਾਵੇਗਾ। ਜਿਹਨਾਂ ਲੋਕਾਂ ਦੀ ਜਾਂਚ ਕਰਵਾਈ ਜਾਵੇਗੀ ਉਹਨਾਂ ਵਿਚੋਂ 5000 ਲੋਕ ਸਨਮਿਨ ਭਾਈਚਾਰੇ ਦੇ ਨੇੜੇ ਰਹਿਣ ਵਾਲੇ ਹਨ ਤੇ ਹੋਰ 14 ਹਜ਼ਾਰ ਲੋਕ ਨੇੜੇ ਦੇ ਬਾਜ਼ਾਰ ਦੁਓਲੁਓਕੋਓ ਤੋਂ ਹਨ। ਵੁਹਾਨ ਵਿਚ 650 ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਹਨਾਂ ਵਿਚ ਵਾਇਰਸ ਦੇ ਲੱਛਣ ਨਹੀਂ ਹਨ।


Baljit Singh

Content Editor

Related News