ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਵਲੋਂ ਫਰਿਜ਼ਨੋ ਵਿਖੇ ਦੋ ਪੁਸਤਕਾਂ ਲੋਕ-ਅਰਪਣ ਅਤੇ ਕਵੀ ਦਰਬਾਰ

Monday, Jan 10, 2022 - 01:06 PM (IST)

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਵਲੋਂ ਫਰਿਜ਼ਨੋ ਵਿਖੇ ਦੋ ਪੁਸਤਕਾਂ ਲੋਕ-ਅਰਪਣ ਅਤੇ ਕਵੀ ਦਰਬਾਰ

ਫਰਿਜ਼ਨੋ, ਕੈਲੀਫੋਰਨੀਆ (ਨੀਟਾ ਮਾਛੀਕੇ):  ਵਿਸ਼ਵ ਪੰਜਾਬੀ ਸਾਹਿਤ ਅਕਾਦਮੀ, ਕੈਲੇਫੋਰਨੀਆ ਵੱਲੋਂ ਸਥਾਨਕ ਸਿੱਖ ਇੰਸਟੀਚਿਊਟ (ਗੁਰਦੁਆਰਾ ਸਿੰਘ ਸਭਾ ਫਰਿਜ਼ਨੋ) ਵਿਖੇ ਪੰਜਾਬੀ ਲੇਖਕਾਂ ਅਤੇ ਸਾਹਿੱਤਕ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਦੋ ਪੁਸਤਕਾਂ ਲੋਕ ਅਰਪਣ ਕੀਤੀਆ ਗਈਆਂ। ਜਿੰਨਾਂ ਵਿੱਚ ਇੰਗਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਲੇਖਕ ਗੁਰਚਰਨ ਸੱਗੂ ਦੀ ਪੁਸਤਕ “ਵੇਖਿਆ ਸ਼ਹਿਰ ਬੰਬਈ” ਅਤੇ ਸਥਾਨਿਕ ਲੇਖਕ ਇੰਦਰਜੀਤ ਚੁਗਾਵਾਂ ਦੀ ਪੁਸਤਕ “ਕਿਵ ਕੂਵੇ ਤੁਟੇ ਪਾਲ” ਨੂੰ ਲੋਕ-ਅਰਪਣ ਕੀਤਾ ਗਿਆ।

PunjabKesari

ਸਮਾਗਮ ਦੀ ਸੁਰੂਆਤ ਕਵੀ ਹਰਜਿੰਦਰ ਕੰਗ ਦੁਆਰਾ ਮਹਿਮਾਨ ਲੇਖਕਾਂ ਗੁਰਚਰਨ ਸੱਗੂ ਅਤੇ ਇੰਦਰਜੀਤ ਚੁਗਾਵਾਂ ਨੂੰ ਜੀੳ ਆਇਆਂ ਕਹਿਣ ਨਾਲ ਹੋਈ।ਗੁਰਚਰਨ ਸੱਗੂ ਨੇ ਕਿਹਾ ਕਿ ਆਦਮੀ ਦੋ ਤਰ੍ਹਾਂ ਦੇ ਸੁਫਨੇ ਲੈਂਦਾ ਹੈ, ਇੱਕ ਸੁਤਿਆਂ ਅਤੇ ਇੱਕ ਜਗਦਿਆਂ।ਉਸ ਦੀ ਪੁਸਤਕ ‘ਦੇਖਿਆ ਸ਼ਹਿਰ ਬੰਬਈ’ ਉਸ ਦੁਆਰਾ ਜਾਗਦਿਆਂ ਲਏ ਸੁਫਨਿਆਂ ਦੇ ਬਣਨ ਦੇ ਟੁੱਟਣ ਦੀ ਵਿਥਿਆ ਹੈ।ਜਿੱਥੇ ਇੰਦਰਜੀਤ ਚੁਗਾਵਾਂ ਨੇ ਆਪਣੀ ਪੁਸਤਕ, ‘ਕਿਵ ਤੂੜੇ ਟੁਟੇ ਪਾਲ’ ਦੇ ਹਵਾਲੇ ਨਾਲ ਕਿਹਾ ਕਿ ਇਸ ਵਿੱਚ ਉਸ ਦੇ ਪੱਤਰਕਾਰੀ ਤੋਂ ਸ਼ੁਰੂ ਹੋ ਕੇ ਲੇਖਕ ਬਣਨ ਦੇ ਸਫਰ ਦਾ ਬਿਰਤਾਂਤ ਹੈ।

PunjabKesari

ਇਸ ਸਮਾਗਮ ਦੌਰਾਨ ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆ, ਕਵੀ ਬਲਦੇਵ ਬਾਵਾ ਨੇ ਗੁਰਚਰਨ ਸੱਗੂ ਦੀ ਪੁਸਤਕ ‘ਦੇਖਿਆ ਸ਼ਹਿਰ ਬੰਬਈ’ ਬਾਰੇ ਕਿਹਾ ਕਿ ਇਸ ਵਿਚਲੀਆਂ ਘਟਨਾਵਾਂ ਦਿਲ ਛੂੰਹਦੀਆਂ ਹਨ, ਤਾਂ ਡਾ ਗੁਰਪ੍ਰੀਤ ਧੁੱਘਾ ਨੇ ਇਸ ਨੂੰ ਪੰਜਾਬੀ ਸਾਹਿਤ ਵਿੱਚ ਇੱਕ ਵਿਲੱਖਣ ਵਾਧੇ ਵਜੋਂ ਵਡਿਆਇਆ।ਪੁਸਤਕ ਬਾਰੇ ਆਪਣੇ ਪ੍ਰਭਾਵ ਸਾਂਝੇ ਕਰਿਦਆਂ, ਹਰਜਿੰਦਰ ਕੰਗ ਨੇ ਕਿਹਾ ਕਿ ਕਿਵੇਂ ਚੰਨਾ ਲਾਲਾਰੀ (ਗੁਰਚਰਨ ਸੱਗੂ) ਜਿੰਦਗੀ ਦੀ ਤਸਵੀਰ ਵਿਚ ਰੰਗ ਭਰਨ ਲਈ ਨਕੋਦਰ ਦੀ ਧਰਤੀ ਤੇ ਸੁਪਨਿਆਂ ਦੇ ਪਰਿੰਦੇ ਪਾਲਦਾ ਹੈ ਤੇ ਪਰਿੰਦਿਆ ਸਮੇਤ ਉੱਡ ਕੇ ਇੰਗਲੈਂਡ ਦੇ ਪਿੰਜਰੇ ਚ ਦਾਣਾ ਚੁੱਗਣ ਆ ਜਾਂਦਾ ਹੈ ਕਿਰਤ ਕਰਦਾ ਹੈ, ਕਿਰਤ ਵਧਦੀ ਫੁਲਦੀ ਹੈ, ਸੁਪਨਿਆਂ ਦੇ ਪਰਿੰਦੇ ਉੱਡਣ ਜੋਗੇ ਹੁੰਦੇ ਹਨ।ਚੰਨਾ ਪਿੰਜਰਾ ਤੋੜ ਕੇ ਜਿੰਦਗੀ ਦੀ ਤਸਵੀਰ ਚ ਰੰਗ ਭਰਨ ਲਈ ਵੱਡੀ ਰੰਗਸ਼ਾਲਾ ਬੰਬਈ ਵੱਲ ਉਡਾਰੀ ਭਰਦਾ ਹੈ।ਆਸਾਂ ਦੇ ਅੰਬਰ ਤੇ ਆਪਣੇ ਚਾਵਾਂ ਦੇ ਚੰਨ ਤਾਰੇ ਜੜਨ ਦਾ ਯਤਨ ਕਰਦਾ ਹੈ ਅਤੇ ਆਪਣੇ ਘਰ ਦੇ ਚਿਰਾਗ ਨਾਲ ਜੂਅ ਖੇਡਦਾ ਹੈ।

PunjabKesari

ਆਪਣੇ ਲੰਮੇ ਪਰਚੇ ਵਿੱਚ ਕਵੀ ਸੰਤੋਖ ਮਿਨਹਾਸ ਨੇ ਸੱਗੂ ਦੀ ਸ਼ੈਲੀ, ਸ਼ਬਦ ਚੋਣ ਅਤੇ ਰੌਚਕਿਤਾ ਦੀ ਗੱਲ ਕਰਦਿਆਂ ਕਿਹਾ ਕਿ ਇਸ ਵਿੱਚੋਂ ਲੇਖਕ ਵਿਚਲੇ ਮਾਨਵੀ ਗੁਣਾਂ ਦੇ ਦਰਸ਼ਨ ਹੁੰਦੇ ਹਨ।ਬੰਬਈ ਵਿੱਚ ਲੇਖਕ ਦੇ ਸੁਫਨਿਆਂ ਦੀ ਟੁੱਟ ਭੱਜ ਬਾਰੇ ਬੋਲਦਿਆਂ ਉਸ ਦਾ ਕਹਿਣਾ ਸੀ ਕਿ ਅਜੋਕੇ ਬਾਜਾਰ ਦੇ ਦੌਰ ਵਿੱਚ ਕੋਈ ਕਿਸੇ ਦਾ ਨਹੀਂ ਹੁੰਦਾ ਅਤੇ ਲੇਖਕ ਅਤੇ ਕਲਾਕਾਰ ਇੱਕ ਵਸਤ ਵਿੱਚ ਤਬਦੀਲ ਹੋ ਜਾਂਦੇ ਹਨ।ਇਸ ਦੌਰ ਦੀ ਵਿਡੰਬਣਾ ਦੀ ਗੱਲ ਕਰਦਿਆਂ ਉਸ ਨੇ ਕਿਹਾ ਕਿ ਬੇਸ਼ਕ ਅਸੀਂ ਵਿਸ਼ਵਾਸ਼ ਤੇ ਜਿਉਂਦੇ ਹਾਂ ਪਰ ਖੁਦਗਰਜ਼ੀਆਂ ਮੂਹਰੇ ਇਹ ਟੁੱਟਦਾ ਹੈ।ਇਸ ਚਰਚਾ ਨੂੰ ਅੱਗੇ ਤੋਰਦਿਆਂ ਸੁੱਖਵਿੰਦਰ ਕੰਬੋਜ  ਨੇ ਕਿਹਾ ਕਿ ਸੱਗੂ, ਲੇਖਕ ਦਾ ਧਰਮ ਪਾਲਦਿਆਂ, ਆਪਣੇ ਆਪਣ ਨੂੰ ਹੀਰੋ ਨਹੀਂ ਬਣਾਉਂਦਾ, ਉਹ ਖਲਨਾਇਕ ਵੀ ਹੈ।ਜਿੱਥੇ ਉਹ ਹੋਰਨਾਂ ਵਿਚਲੀ ‘ਖੁਦਗਰਜੀ’ ਨੂੰ ਦੇਖਦਾ ਹੈ, ਉਥੇ ਉਹ ਆਪਣੇ ਵਿਚਲੀਆਂ ਘਾਟਾਂ ਨੂੰ ਵੀ ਅੰਗਦਾ ਹੈ।

ਪੜ੍ਹੋ ਇਹ ਅਹਿਮ ਖਬਰ - ਅਮਰੀਕਾ : ਨਿਊਯਾਰਕ ਦੇ ਇੱਕ ਅਪਾਰਟਮੈਂਟ 'ਚ ਲੱਗੀ ਅੱਗ, 9 ਬੱਚਿਆਂ ਸਮੇਤ 19 ਲੋਕਾਂ ਦੀ ਮੌਤ

ਇਸ ਸਮਾਗਮ ਵਿੱਚ ਬੇ ਏਰੀਏ ਤੋਂ ਸੁਖਵਿੰਦਰ ਕੰਬੋਜ, ਕੁਲਵਿੰਦਰ, ਤਾਰਾ ਸਾਗਰ ਨੀਲਮ ਸੈਣੀ, ਗੁਲਸ਼ਨ ਦਿਆਲ, ਸੁਰਿੰਦਰ ਸੋਹਲ, ਸੁਰਿੰਦਰ ਸੀਰਤ ਤੋਂ ਇਲਾਵਾ ਗੁਲਜਾਰ ਸਿੰਘ,ਅਵਤਾਰ ਗੋਂਦਾਰਾ,  ਤਰਲੋਕ ਮਿਨਹਾਸ, ਬਲਦੇਵ ਬਾਵਾ, ਅਸ਼ਰਫ ਗਿੱਲ, ਰਣਜੀਤ ਗਿੱਲ, ਡਾ ਗੁਰਪ੍ਰੀਤ ਧੁੱਗਾ, ਕੁਲਵੰਤ ਉਭੀ,ਨੀਟਾ ਮਾਛੀਕੇ,ਸੁਰਿੰਦਰ ਮੰਡਾਲੀ,ਮਹਿੰਦਰ ਸਿੰਘ ਢਾਹ, ਅਮਰਜੀਤ ਪੰਨੂ, ਰਾਣੀ ਸੱਗੂ ਆਦਿਕ ਨੇ ਹਿੱਸਾ ਲਿਆ। ਸੈਂਟਰਲ ਵੈਲੀ ਫਰਿਜ਼ਨੋ ਪੰਜਾਬੀ ਸਾਹਿੱਤਕਾਰਾ ਦੀ ਰਾਜਧਾਨੀ ਬਣ ਗਿਆ ਹੈ।  ਪਰ ਇਸ ਸਮੇਂ ਮੌਸ਼ਮ ਅਤੇ ਕੋਵਿੰਡ-19 ਦੇ ਕਰਕੇ ਬਹੁਤ ਸਾਰੇ ਸਥਾਨਿਕ ਲੇਖਕਾ ਦੀ ਘਾਟ ਮਹਿਸੂਸ ਹੋ ਰਹੀ ਸੀ। ਜਿਸ ਨੂੰ “ਜੂਮ ਮੀਡੀਏ” ਰਾਹੀ ਹਾਜ਼ਰ ਕਵੀਆਂ ਨੇ ਬਾਖੂਬੀ ਪੂਰਾ ਕਰਦੇ ਹੋਏ ਆਪਣੀਆਂ-ਆਪਣੀਆਂ ਰਚਨਾਵਾਂ ਰਾਹੀ ਸਾਹਿੱਤਕ ਰੰਗ ਭਰੇ। ਸਟੇਜ਼ ਸੰਚਾਲਨ ਉਸਤਾਦ ਕਵੀ ਹਰਜਿੰਦਰ ਕੰਗ ਨੇ ਬਾਖੂਬੀ ਸ਼ਾਇਰਾਨਾ ਅੰਦਾਜ ਵਿੱਚ ਕੀਤਾ। ਅੰਤ ਸਮਾਗਮ ਦੀ ਸਮਾਪਤੀ ਕਵਿਤਾ ਪਾਠ ਨਾਲ ਹੋਈ।
 


author

Vandana

Content Editor

Related News