World Milk Day: 78 ਹਜ਼ਾਰ ਰੁਪਏ ਕਿਲੋ ਵਿਕ ਰਿਹਾ ਹੈ ਗਧੀ ਦੇ ਦੁੱਧ ਦਾ ਪਨੀਰ

06/01/2020 6:08:38 PM

ਬੈਲਗ੍ਰੇਡ (ਬਿਊਰੋ): ਦੁੱਧ ਇਨਸਾਨੀ ਖੁਰਾਕ ਦਾ ਮਹੱਤਵਪੂਰਨ ਹਿੱਸਾ ਹੈ। ਦੁੱਧ ਵਿਚ ਕੈਲਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਆਇਰਨ ਜਿਹੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਮਨੁੱਖੀ ਸਰੀਰ ਦੀ ਸਮਰੱਥਾ ਨੂੰ ਮਜ਼ਬੂਤ ਕਰਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਾਲ 2001 ਵਿਚ ਸੰਯੁਕਤ ਰਾਸ਼ਟਰ ਦੇ ਖਾਧ ਅਤੇ ਖੇਤੀਬਾੜੀ ਸੰਗਠਨ ਨੇ 1 ਜੂਨ ਨੂੰ 'ਵਿਸ਼ਵ ਦੁੱਧ ਦਿਵਸ' (World Milk Day) ਮਨਾਉਣ ਦਾ ਐਲਾਨ ਕੀਤਾ ਸੀ। ਉਦੋਂ ਤੋਂ ਲੈਕੇ ਹੁਣ ਤੱਕ ਹਰੇਕ ਸਾਲ ਵੱਖ-ਵੱਥ ਥੀਮ 'ਤੇ ਇਹ ਦਿਨ ਮਨਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਦੁੱਧ ਉਤਪਾਦ ਦੇ ਬਾਰੇ ਵਿਚ ਦੱਸ ਰਹੇ ਹਾਂ।

PunjabKesari

ਦੁਨੀਆ ਦਾ ਸਭ ਤੋਂ ਖਾਸ ਪਨੀਰ
ਆਮਤੌਰ 'ਤੇ ਲੋਕ ਗਾਂ ਅਤੇ ਮੱਝ ਦੇ ਦੁੱਧ ਦਾ ਬਣਿਆ ਪਨੀਰ ਖਾਂਦੇ ਹਨ ਪਰ ਦੁਨੀਆ ਦੇ ਕੁਝ ਹਿੱਸੇ ਅਜਿਹੇ ਵੀ ਹਨ ਜਿੱਥ ਗਧੀ ਦੇ ਦੁੱਧ ਦਾ ਪਨੀਰ ਬਣਾਇਆ ਜਾਂਦਾ ਹੈ। ਸਧਾਰਨ ਪਨੀਰ ਭਾਰਤ ਵਿਚ 300 ਤੋਂ 600 ਰੁਪਏ ਕਿਲੋ ਦੇ ਵਿਚ ਮਿਲ ਜਾਂਦਾ ਹੈ ਪਰ ਗਧੀ ਦੇ ਦੁੱਧ ਦੇ ਪਨੀਰ ਦੀ ਕੀਮਤ 78 ਹਜ਼ਾਰ ਰੁਪਏ ਦੇ ਕਰੀਬ ਹੈ। ਇਸ ਪਨੀਰ ਦੇ ਖਾਸ ਗੁਣਾਂ ਨੂੰ ਦੇਖਦੇ ਹੋਏ ਦੁਨੀਆ ਵਿਚ ਇਸ ਦੀ ਮੰਗ ਵੀ ਬਹੁਤ ਜ਼ਿਆਦਾ ਹੈ ਭਾਵੇਂਕਿ ਇਸ ਦਾ ਉਤਪਾਦਨ ਕੁਝ ਹੀ ਦੇਸ਼ਾਂ ਵਿਚ ਕੀਤਾ ਜਾਂਦਾ ਹੈ।

PunjabKesari

ਸਰਬੀਆ ਵਿਚ ਬਣਦਾ ਹੈ ਪਨੀਰ
ਗਧੀ ਦੇ ਦੁੱਧ ਤੋਂ ਪਨੀਰ ਬਣਾਉਣ ਦਾ ਕੰਮ ਯੂਰਪੀ ਦੇਸ਼ ਸਰਬੀਆ ਦੇ ਇਕ ਫਾਰਮ ਵਿਚ ਹੁੰਦਾ ਹੈ। ਉੱਤਰੀ ਸਰਬੀਆ ਵਿਚ ਸਥਿਤ ਇਸ ਫਾਰਮ ਨੂੰ 'ਜੈਸਾਵਿਕਾ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਥੇ 200 ਤੋਂ ਵਧੇਰੇ ਗਧੇ ਪਾਲੇ ਗਏ ਹਨ। ਭਾਰਤ ਵਿਚ ਇਕ ਜਰਸੀ ਗਾਂ ਇਕ ਦਿਨ ਵਿਚ 30 ਲੀਟਰ ਤੱਕ ਦੁੱਧ ਦੇ ਦਿੰਦੀ ਹੈ ਪਰ ਇਕ ਗਧੀ ਤੋਂ ਇਕ ਲੀਟਰ ਦੁੱਧ ਵੀ ਨਹੀਂ ਮਿਲ ਪਾਉਂਦਾ ਹੈ, ਜਿਸ ਕਾਰਨ ਫਾਰਮ ਵਿਚ ਸਾਰੀਆਂ ਗਧੀਆਂ ਦੇ ਦੁੱਧ ਤੋਂ ਸਿਰਫ 15 ਕਿਲੋ ਤੱਕ ਹੀ ਪਨੀਰ ਬਣ ਪਾਉਂਦਾ ਹੈ। ਉਂਝ ਸਾਰੀਆਂ ਗਧੀਆਂ ਦੇ ਦੁੱਧ ਤੋਂ ਇੰਨਾ ਮਹਿੰਗਾ ਪਨੀਰ ਨਹੀਂ ਬਣਦਾ, ਸਿਰਫ ਬਾਲਕਨ ਪ੍ਰਜਾਤੀ ਦੀਆ ਗਧੀਆਂ ਦਾ ਦੁੱਧ ਪੌਸ਼ਟਿਕ ਮੰਨਿਆ ਜਾਂਦਾ ਹੈ ਜੋ ਸਰਬੀਆ ਅਤੇ ਮਾਂਟੇਨੇਗਰੋ ਵਿਚ ਪਾਈਆਂ ਜਾਂਦੀਆਂ ਹਨ।

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦੀ 94 ਸਾਲਾ ਮਹਾਰਾਣੀ ਨੇ ਤਾਲਾਬੰਦੀ ਦੌਰਾਨ ਕੀਤੀ ਘੋੜਸਵਾਰੀ, ਤਸਵੀਰ ਵਾਇਰਲ

ਕਈ ਬੀਮਾਰੀਆਂ ਵਿਚ ਫਾਇਦੇਮੰਦ
ਸਰਬੀਆ ਦੇ ਪਨੀਰ ਉਤਪਾਦਕਾਂ ਦੇ ਮੁਤਾਬਕ ਗਧੀ ਅਤੇ ਮਾਂ ਦੇ ਦੁੱਧ ਵਿਚ ਇਕੋ ਜਿਹੇ ਗੁਣ ਹੁੰਦੇ ਹਨ। ਇਸ ਵਿਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੇਕਰ ਅਸਥਮਾ ਅਤੇ ਬ੍ਰੋਂਕਾਇਟਸ ਦੇ ਮਰੀਜ਼ ਇਸ ਦੀ ਵਰਤੋਂ ਕਰਨ ਤਾਂ ਉਹਨਾਂ ਨੂੰ ਕਾਫੀ ਫਾਇਦਾ ਮਿਲਦਾ ਹੈ। ਉੱਥੇ ਜਿਹੜੇ ਲੋਕਾਂ ਨੂੰ ਗਾਂ ਦੇ ਦੁੱਧ ਤੋਂ ਐਲਰਜੀ ਹੁੰਦੀ ਹੈ ਉਹ ਗਧੀ ਦਾ ਦੁੱਧ ਜਾਂ ਪਨੀਰ ਵਰਤ ਸਕਦੇ ਹਨ। ਫਾਰਮ ਦੇ ਮੁਤਾਬਕ ਉਤਪਾਦਨ ਘੱਟ ਹੋਣ ਨਾਲ ਇਸ ਦੀ ਕੀਮਤ ਇੰਨੀ ਜ਼ਿਆਦਾ ਹੈ। 2012 ਵਿਚ ਸਰਬੀਆ ਦੇ ਟੇਨਿਸ ਸਟਾਰ ਨੋਵਾਕ ਜੋਕੋਵਿਚ ਵੱਲੋਂ ਇਸ ਪਨੀਰ ਦੀ ਵਰਤੋਂ ਦੀ ਖਬਰ ਆਈ ਸੀ, ਜਿਸ ਦੇ ਬਾਅਦ ਤੋਂ ਇਸ ਪਨੀਰ ਦੀ ਚਰਚਾ ਦੁਨੀਆ ਭਰ ਵਿਚ ਹੋਣ ਲੱਗੀ।ਭਾਵੇਂਕਿ ਜੋਕੋਵਿਚ ਨੇ ਇਹਨਾਂ ਖਬਰਾਂ ਦਾ ਖੰਡਨ ਕੀਤਾ ਸੀ।


Vandana

Content Editor

Related News