ਵਿਸ਼ਵ 'ਚ ਪਹਿਲੀ ਵਾਰ ਹਾਈਡ੍ਰੋਜਨ ਤੇਲ ਨਾਲ ਯਾਤਰੀ ਜਹਾਜ਼ ਨੇ ਭਰੀ ਸਫ਼ਲ ਉਡਾਣ
Wednesday, Sep 30, 2020 - 01:12 PM (IST)
ਲੰਡਨ, (ਰਾਜਵੀਰ ਸਮਰਾ )- ਯੂ. ਕੇ. 'ਚ ਇਕ ਯਾਤਰੀ ਜਹਾਜ਼ ਨੇ ਹਾਈਡ੍ਰੋਜਨ ਤੇਲ ਨਾਲ ਵਿਸ਼ਵ ਦੀ ਪਹਿਲੀ ਸਫਲ ਉਡਾਣ ਭਰੀ ਹੈ, ਜੋ ਕਿ ਵਿਸ਼ਵ ਹਵਾਬਾਜ਼ੀ ਉਦਯੋਗ ਲਈ ਵੱਡਾ ਕਦਮ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਲ ਨਾ ਕੇਵਲ ਹਵਾ ਪ੍ਰਦੂਸ਼ਣ ਘੱਟ ਹੋਵੇਗਾ ਸਗੋਂ ਜੈਵਿਕ ਤੇਲਾਂ 'ਤੇ ਸਾਡੀ ਨਿਰਭਰਤਾ ਵੀ ਘੱਟ ਹੋਵੇਗੀ। ਇਸ ਜਹਾਜ਼ ਨੂੰ ਬਿ੍ਟਿਸ਼ ਏਅਰੋਸਪੇਸ ਸਟਾਰਟਅੱਪ ਕੰਪਨੀ ਜ਼ੀਰੋਵੀਆ ਨੇ ਤਿਆਰ ਕੀਤਾ ਹੈ। ਜ਼ੀਰੋਵੀਆ ਦਾ 6 ਸੀਟਾਂ ਵਾਲਾ ਪਾਈਪਰ ਐੱਮ.ਐੱਸ. ਯਾਤਰੀ ਜਹਾਜ਼ ਨੇ ਲੰਡਨ ਤੋਂ ਲਗਭਗ 50 ਮੀਲ ਦੂਰ ਉੱਤਰ ਵੱਲ ਕਰੈਨਫੀਲਡ ਹਵਾਈ ਅੱਡੇ 'ਤੇ ਕੰਪਨੀ ਦੇ ਖੋਜ ਤੇ ਵਿਕਾਸ ਸਥਾਨ 'ਤੇ ਉਡਾਣ ਭਰੀ। ਕੰਪਨੀ ਨੇ ਦਾਅਵਾ ਕੀਤਾ ਕਿ ਹਾਈਡ੍ਰੋਜਨ ਤੇਲ ਨਾਲ ਸੰਚਾਲਿਤ ਵਪਾਰਕ ਸ਼੍ਰੇਣੀ ਦੇ ਜਹਾਜ਼ ਦੀ ਇਹ ਦੁਨੀਆ ਦੀ ਪਹਿਲੀ ਉਡਾਣ ਹੈ।
ਕੰਪਨੀ ਦਾ ਕਹਿਣਾ ਹੈ ਕਿ ਉਸ ਦਾ ਅਗਲਾ ਟੀਚਾ 2021 ਦੇ ਅਖੀਰ ਤਕ ਇਸ ਜਹਾਜ਼ ਦੀ ਉਡਾਣ ਦੀ ਰੇਂਜ ਨੂੰ ਵਧਾਉਣਾ ਹੈ। ਇਹ ਰੇਂਜ 250 ਮੀਲ ਤਕ ਕਰਨੀ ਹੈ। ਇਸ ਨਾਲ ਇਹ ਜਹਾਜ਼ ਮੁੱਖ ਸ਼ਹਿਰਾਂ ਜਿਵੇਂ ਨਿਊਯਾਰਕ ਤੋਂ ਬੋਸਟਨ ਅਤੇ ਲਾਸ ਏਂਜਲਸ ਤੋਂ ਸੈਨ ਫਰਾਂਸਸਿਕੋ ਵਿਚਕਾਰ ਆਪਣਾ ਸਫਰ ਤੈਅ ਕਰ ਸਕੇਗਾ। ਇਸ ਨਾਲ ਯਾਤਰੀਆਂ ਨੂੰ ਵਧੇਰੇ ਸੁਵਿਧਾ ਮਿਲੇਗੀ।