ਵਿਸ਼ਵ ਭਰ ‘ਚ ਸਾਢੇ 6 ਲੱਖ ਤੋਂ ਵੱਧ ਲੋਕ ਕੋਰੋਨਾ ਦੇ ਮਰੀਜ਼, 30 ਹਜ਼ਾਰ ਮੌਤਾਂ
Sunday, Mar 29, 2020 - 07:52 AM (IST)

ਵਾਸ਼ਿੰਗਟਨ- ਜੋਹਨ ਹਾਪਕਿਨਸ ਯੂਨੀਵਰਸਿਟੀ ਮੁਤਾਬਕ ਕੋਰੋਨਾ ਵਾਇਰਸ ਨੇ ਹੁਣ ਤਕ ਵਿਸ਼ਵ ਭਰ ਦੇ 6,62,073 ਲੋਕਾਂ ਨੂੰ ਇਨਫੈਕਟਡ ਕਰ ਦਿੱਤਾ ਹੈ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੂਰੀ ਦੁਨੀਆ ਵਿਚ ਹੁਣ ਤਕ 30,780 ਮੌਤਾਂ ਹੋ ਚੁੱਕੀਆਂ ਹਨ ਤੇ ਇਨ੍ਹਾਂ ਵਿਚੋਂ 10,023 ਮੌਤਾਂ ਸਿਰਫ ਇਟਲੀ ਵਿਚ ਹੀ ਹੋ ਚੁੱਕੀਆਂ ਹਨ। ਜਿਸ ਤੇਜ਼ੀ ਨਾਲ ਕੋਰੋਨਾ ਦੀ ਤਬਾਹੀ ਵਧਦੀ ਜਾ ਰਹੀ ਹੈ ਖਦਸ਼ਾ ਹੈ ਕਿ ਇਹ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਲਵੇਗਾ।
ਅਮਰੀਕਾ ਵਿਚ ਸਭ ਤੋਂ ਵੱਧ ਲੋਕ ਕੋਰੋਨਾ ਇਨਫੈਕਟਡ ਹਨ। ਇੱਥੇ 1,24,217 ਲੋਕ ਕੋਰੋਨਾ ਦੀ ਲਪੇਟ ਵਿਚ ਹਨ ਜਦ ਕਿ ਇੱਥੇ 2,147 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਸਭ ਤੋਂ ਵਧ ਮੌਤਾਂ ਨਿਊਯਾਰਕ ਵਿਚ ਹੋਈਆਂ ਹਨ, ਜਿੱਥੇ ਇਹ ਅੰਕੜਾ 672 ਤਕ ਪੁੱਜ ਗਿਆ ਹੈ। ਉੱਥੇ ਹੀ ਇਟਲੀ ਵਿਚ 92,472 ਲੋਕ ਕੋਰੋਨਾ ਦੀ ਲਪੇਟ ਵਿਚ ਹਨ ਜਦਕਿ 10,023 ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਚੀਨ ਵਿਚ ਕੁੱਲ ਇਨਫੈਕਟਡ ਲੋਕਾਂ ਦੀ ਗਿਣਤੀ 82,000 ਹੈ ਤੇ ਇੱਥੇ 3,177 ਲੋਕਾਂ ਦੀ ਜਾਨ ਜਾ ਚੁੱਕੀ ਹੈ। ਸਪੇਨ ਵਿਚ ਕੋਰੋਨਾ ਨੇ 5,982 ਲੋਕਾਂ ਦੀ ਜਾਨ ਲੈ ਲਈ ਜਦਕਿ 73,235 ਲੋਕ ਕੋਰੋਨਾ ਦੀ ਲਪੇਟ ਵਿਚ ਹਨ। ਜਰਮਨੀ ਵਿਚ 57,695 ਲੋਕ ਇਨਫੈਕਟਡ ਹਨ ਜਦਕਿ ਇੱਥੇ ਮੌਤਾਂ ਦੀ ਗਿਣਤੀ ਕਾਫੀ ਘੱਟ ਹੈ। ਇੱਥੇ ਕੋਰੋਨਾ ਕਾਰਨ 433 ਲੋਕਾਂ ਦੀ ਮੌਤ ਹੋਈ ਹੈ। ਇੱਥੇ 8 ਹਜ਼ਾਰ ਤੋਂ ਵਧ ਲੋਕ ਠੀਕ ਵੀ ਹੋ ਚੁੱਕੇ ਹਨ। ਕੈਨੇਡਾ ਵਿਚ 5,576 ਲੋਕ ਇਨਫੈਕਟਡ ਹਨ ਤੇ ਆਸਟਰੇਲੀਆ ਵਿਚ 3,640 ਲੋਕ ਇਨਫੈਕਟਡ ਹਨ।
ਫਰਾਂਸ ਵਿਚ 38,105 ਲੋਕ ਇਨਫੈਕਟਡ ਹਨ ਤੇ 2,314 ਮੌਤਾਂ ਹੋ ਚੁੱਕੀਆਂ ਹਨ। ਈਰਾਨ ਵਿਚ 35,408 ਲੋਕ ਇਨਫੈਕਟਡ ਹਨ ਤੇ ਮੌਤ ਦਾ ਅੰਕੜਾ 2,517 ਤਕ ਪੁੱਜ ਗਿਆ ਹੈ। ਉੱਥੇ ਹੀ ਇੰਗਲੈਂਡ ਵਿਚ 17,312 ਲੋਕ ਕੋਰੋਨਾ ਦੀ ਲਪੇਟ ਵਿਚ ਹਨ ਤੇ ਇੱਥੇ 1,021 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਰ ਦੇਸ਼ ਆਪਣੇ ਲੋਕਾਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਕਰ ਰਿਹਾ ਹੈ ਤੇ ਇਸ ਮੌਤ ਦੇ ਤਾਂਡਵ ਤੋਂ ਡਰ ਰਿਹਾ ਹੈ। ਬਹੁਤ ਸਾਰੇ ਦੇਸ਼ ਕੋਰੋਨਾ ਦਾ ਤੋੜ ਲੱਭ ਰਹੇ ਹਨ ਪਰ ਅਜੇ ਤਕ ਕਿਸੇ ਨੂੰ ਵੀ ਸਫਲਤਾ ਨਹੀਂ ਮਿਲੀ। ਫਿਲਹਾਲ ਉਮੀਦ ਦੇ ਨਾਲ-ਨਾਲ ਕੋਸ਼ਿਸ਼ਾਂ ਜਾਰੀ ਹਨ।