19ਵੀਂ ਮੰਜ਼ਿਲ ਤੋਂ ਡਿੱਗ ਕੇ 82 ਸਾਲਾ ਬਜ਼ੁਰਗ ਮਹਿਲਾ ਉਲਟੀ ਲਟਕੀ, ਇੰਝ ਬਚੀ ਜਾਨ (ਵੀਡੀਓ ਤੇ ਤਸਵੀਰਾਂ)
Wednesday, Nov 24, 2021 - 03:19 PM (IST)
ਬੀਜਿੰਗ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ 'ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ'। ਇਹ ਗੱਲ ਇਕ ਵਾਰ ਸੱਚ ਸਾਬਤ ਹੋਈ ਹੈ। ਚੀਨ ਵਿਚ ਇਕ ਬਜ਼ੁਰਗ ਔਰਤ 19ਵੀਂ ਮੰਜ਼ਿਲ ਤੋਂ ਡਿੱਗ ਪਈ ਸੀ ਪਰ ਚੰਗੀ ਕਿਸਮਤ ਨਾਲ ਉਸ ਦੀ ਜਾਨ ਬੱਚ ਗਈ। ਜਾਣਕਾਰੀ ਮੁਤਾਬਕ ਬਜ਼ੁਰਗ ਔਰਤ ਆਪਣੇ ਘਰ ਦੀ ਬਾਲਕੋਨੀ ਵਿਚ ਧੋਤੇ ਹੋਏ ਕੱਪੜੇ ਫੈਲਾਉਣ ਆਈ ਸੀ। ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ 19ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਪਈ ਪਰ ਉਦੋਂ ਇਕ ਚਮਤਕਾਰ ਜਿਹਾ ਹੋਇਆ, ਜਿਸ ਨਾਲ ਉਸ ਦੀ ਜਾਨ ਬੱਚ ਗਈ।
ਅਸਲ ਵਿਚ ਇਹ ਮਾਮਲਾ ਦੱਖਣੀ ਚੀਨ ਦੇ ਜਿਆਂਗਸੁ ਸੂਬੇ ਦੇ ਯੰਗਜ਼ਹੌ ਦਾ ਹੈ, ਜਿੱਥੇ ਇਕ 82 ਸਾਲਾ ਔਰਤ ਆਪਣੇ ਅਪਾਰਟਮੈਂਟ ਦੀ 19ਵੀਂ ਮੰਜ਼ਿਲ ਦੀ ਬਾਲਕੋਨੀ ਵਿਚ ਕੱਪੜੇ ਸੁੱਕਾ ਰਹੀ ਸੀ। ਉਦੋਂ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਵੱਲ ਡਿੱਗਣ ਲੱਗੀ। ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ।
ਇੰਝ ਬਚੀ ਜਾਨ
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਬਜ਼ੁਰਗ ਔਰਤ 19ਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਤਿਲਕੀ ਤਾਂ ਕਿਵੇਂ ਉਸ ਦੇ ਪੈਰ 18ਵੀਂ ਮੰਜ਼ਿਲ ਦੀ ਬਾਲਕੋਨੀ ਵਿਚ ਰੱਖੇ ਕੱਪੜੇ ਦੇ ਰੈਕ ਵਿਚ ਫਸ ਗਏ ਸਨ। ਉਸ ਦੇ ਸਹਾਰੇ ਵੀ ਔਰਤ ਹਵਾ ਵਿਚ ਲਟਕੀ ਰਹੀ। ਔਰਤ ਦਾ ਸਿਰ, ਹੱਥ ਅਤੇ ਧੜ 17ਵੀਂ ਮੰਜ਼ਿਲ 'ਤੇ ਲਟਕ ਰਿਹਾ ਸੀ ਜਦਕਿ ਉਸ ਦੇ ਪੈਰ 18ਵੀਂ ਮੰਜ਼ਿਲ ਦੇ ਕੱਪੜੇ ਦੇ ਰੈਕ ਵਿਚ ਉਲਝੇ ਹੋਏ ਸਨ। ਜਿਵੇਂ ਹੀ ਲੋਕਾਂ ਨੇ ਇਹ ਦ੍ਰਿਸ਼ ਦੇਖਿਆ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਇਸ ਮਗਰੋਂ ਤੁਰੰਤ ਪੁਲਸ ਅਤੇ ਬਚਾਅ ਟੀਮ ਨੂੰ ਬੁਲਾਇਆ ਗਿਆ।
ਬਚਾਅ ਦਲ ਦੀ ਇਕ ਟੀਮ 18ਵੀਂ ਮੰਜ਼ਿਲ ਜਦਕਿ ਦੂਜੀ 17 ਵੀਂ ਮੰਜ਼ਿਲ 'ਤੇ ਗਈ। ਉਹਨਾਂ ਨੇ ਬਜ਼ੁਰਗ ਔਰਤ ਦੇ ਸਰੀਰ ਦੇ ਚਾਰੇ ਪਾਸੇ ਇਕ ਰੱਸੀ ਬੰਨ੍ਹ ਕੇ ਉਸ ਨੂੰ ਹੌਲੀ-ਹੌਲੀ ਬਾਲਕੋਨੀ ਵਿਚ ਖਿੱਚ ਲਿਆ। ਟੀਮ ਨੇ ਬਹੁਤ ਬਹਾਦਰੀ ਨਾਲ ਔਰਤ ਨੂੰ ਬਚਾ ਲਿਆ। ਔਰਤ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਸੀ।
ਪੜ੍ਹੋ ਇਹ ਅਹਿਮ ਖਬਰ -ਪਾਕਿਸਤਾਨ ਦੇ ਸੂਚਨਾ ਮੰਤਰੀ ਨੇ 'ਗਾਰਲਿਕ' ਨੂੰ ਦੱਸਿਆ 'ਅਦਰਕ', ਹੋ ਰਹੇ ਟਰੋਲ (ਵੀਡੀਓ)
ਉਸ ਦਾ ਤੁਰੰਤ ਮੁੱਢਲਾ ਇਲਾਜ ਕੀਤਾ ਗਿਆ ਕਿਉਂਕਿ ਉਹ ਕਾਫੀ ਦੇਰ ਤੋਂ ਹਵਾ ਵਿਚ ਉਲਟੀ ਲਟਕੀ ਹੋਈ ਸੀ। ਜਿਸ ਨੇ ਵੀ ਇਹ ਦ੍ਰਿਸ਼ ਦੇਖਿਆ ਉਸ ਦੇ ਮੂੰਹੋਂ ਸਿਰਫ ਇਹੀ ਸ਼ਬਦ ਨਿਕਲੇ ਕਿ ਔਰਤ ਦਾ ਬਚਣਾ ਕਿਸੇ 'ਚਮਤਕਾਰ' ਤੋਂ ਘੱਟ ਨਹੀਂ ਹੈ।