ਮੌਤ ਤੋਂ ਬਾਅਦ ਕੀ ਹੁੰਦੈ! ਮਰ ਕੇ ਜਿਊਂਦੀ ਹੋ ਗਈ ਮਹਿਲਾ, ਦੱਸੇ Afterlife ਵਾਲੇ ਦਿਲ ਕੰਬਾਊ ਤਜਰਬੇ

Monday, Jan 05, 2026 - 05:04 PM (IST)

ਮੌਤ ਤੋਂ ਬਾਅਦ ਕੀ ਹੁੰਦੈ! ਮਰ ਕੇ ਜਿਊਂਦੀ ਹੋ ਗਈ ਮਹਿਲਾ, ਦੱਸੇ Afterlife ਵਾਲੇ ਦਿਲ ਕੰਬਾਊ ਤਜਰਬੇ

ਨਿਊ ਜਰਸੀ: ਅਮਰੀਕਾ ਦੇ ਨਿਊ ਜਰਸੀ ਦੀ ਰਹਿਣ ਵਾਲੀ ਏਰੀਕਾ ਟੇਟ ਦੀ ਕਹਾਣੀ ਇਨੀਂ ਦਿਨੀਂ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਰੋਤਾਂ ਅਨੁਸਾਰ ਏਰੀਕਾ ਦਾ ਦਾਅਵਾ ਹੈ ਕਿ ਉਹ ਲਗਭਗ 7 ਘੰਟੇ ਤੱਕ 'ਕਲੀਨਿਕਲੀ ਡੈੱਡ' (ਮ੍ਰਿਤ) ਰਹੀ ਅਤੇ ਇਸ ਦੌਰਾਨ ਉਸ ਨੇ ਉਸ ਦੁਨੀਆ ਦਾ ਅਨੁਭਵ ਕੀਤਾ, ਜਿਸ ਨੂੰ ਆਮ ਤੌਰ 'ਤੇ ਲੋਕ ਪਰਲੋਕ ਜਾਂ ਸਵਰਗ ਕਹਿੰਦੇ ਹਨ। ਉਸ ਦਾ ਕਹਿਣਾ ਹੈ ਕਿ ਮੌਤ ਦੇ ਇੰਨੇ ਕਰੀਬ ਪਹੁੰਚ ਕੇ ਜੋ ਉਸ ਨੇ ਦੇਖਿਆ, ਉਸ ਨੇ ਉਸ ਦੀ ਜ਼ਿੰਦਗੀ ਪ੍ਰਤੀ ਪੂਰੀ ਸੋਚ ਹੀ ਬਦਲ ਦਿੱਤੀ ਹੈ।

PunjabKesari

60 ਫੁੱਟ ਡੂੰਘੀ ਖੱਡ 'ਚ ਡਿੱਗਣ ਕਾਰਨ ਹੋਇਆ ਸੀ ਹਾਦਸਾ
ਸਰੋਤ ਦੱਸਦੇ ਹਨ ਕਿ ਇਹ ਘਟਨਾ ਸਾਲ 2015 ਦੀ ਹੈ, ਜਦੋਂ 32 ਸਾਲਾ ਏਰੀਕਾ ਨਿਊ ਜਰਸੀ ਦੇ ਪੈਲੀਸੇਡਸ ਕਲਿਫਸ ਇਲਾਕੇ ਵਿੱਚ ਹਾਈਕਿੰਗ ਕਰ ਰਹੀ ਸੀ। ਇਸ ਦੌਰਾਨ ਪੈਰ ਫਿਸਲਣ ਕਾਰਨ ਉਹ 60 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ, ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਅਤੇ ਫੇਫੜੇ ਬੁਰੀ ਤਰ੍ਹਾਂ ਨੁਕਸਾਨੇ ਗਏ। ਰੈਸਕਿਊ ਟੀਮ ਨੂੰ ਉਸ ਤੱਕ ਪਹੁੰਚਣ ਵਿੱਚ 7 ਘੰਟੇ ਲੱਗ ਗਏ ਅਤੇ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਤਾਂ ਡਾਕਟਰਾਂ ਮੁਤਾਬਕ ਉਹ ਕਲੀਨਿਕਲੀ ਮੌਤ ਦੀ ਸਥਿਤੀ ਵਿੱਚ ਪਹੁੰਚ ਚੁੱਕੀ ਸੀ।

ਸਰੀਰ ਤੋਂ ਵੱਖ ਹੋਣ ਦਾ ਅਨੁਭਵ
ਏਰੀਕਾ ਨੇ ਆਪਣੇ ਰੌਂਗਟੇ ਖੜ੍ਹੇ ਕਰਨ ਵਾਲੇ ਅਨੁਭਵ ਬਾਰੇ ਦੱਸਦਿਆਂ ਕਿਹਾ ਕਿ ਹਾਦਸੇ ਤੋਂ ਬਾਅਦ ਉਸ ਨੇ ਖੁਦ ਨੂੰ ਆਪਣੇ ਸਰੀਰ ਤੋਂ ਵੱਖ ਮਹਿਸੂਸ ਕੀਤਾ। ਉਹ ਉੱਪਰੋਂ ਆਪਣੇ ਜ਼ਖਮੀ ਸਰੀਰ ਨੂੰ ਦੇਖ ਪਾ ਰਹੀ ਸੀ ਅਤੇ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਦਰਦ ਮਹਿਸੂਸ ਨਹੀਂ ਹੋ ਰਿਹਾ ਸੀ, ਸਗੋਂ ਇੱਕ ਅਜੀਬ ਜਿਹੀ ਸ਼ਾਂਤੀ ਅਤੇ ਸਕੂਨ ਸੀ। ਉਸ ਨੇ ਦੱਸਿਆ ਕਿ ਉਸ ਦੀ ਪੂਰੀ ਜ਼ਿੰਦਗੀ ਇੱਕ ਫਿਲਮ ਦੀ ਤਰ੍ਹਾਂ ਉਸ ਦੀਆਂ ਅੱਖਾਂ ਸਾਹਮਣੇ ਚੱਲਣ ਲੱਗੀ, ਜਿੱਥੇ ਉਸ ਨੇ ਆਪਣੇ ਪੁਰਾਣੇ ਫੈਸਲਿਆਂ ਅਤੇ ਰਿਸ਼ਤਿਆਂ ਨੂੰ ਬਹੁਤ ਗਹਿਰਾਈ ਨਾਲ ਮਹਿਸੂਸ ਕੀਤਾ।

PunjabKesari

ਨਾ ਸਵਰਗ-ਨਰਕ, ਨਾ ਫਰਿਸ਼ਤੇ, ਸਿਰਫ਼ ਇੱਕ ਚਮਕਦਾਰ ਰੋਸ਼ਨੀ
ਸਰੋਤਾਂ ਮੁਤਾਬਕ ਏਰੀਕਾ ਨੇ ਦੱਸਿਆ ਕਿ ਉਸ ਦੇ ਅਨੁਭਵ ਵਿੱਚ ਕੋਈ ਸਵਰਗ-ਨਰਕ ਜਾਂ ਫਰਿਸ਼ਤਾ ਨਹੀਂ ਸੀ, ਸਗੋਂ ਉੱਥੇ ਇੱਕ ਬਹੁਤ ਹੀ ਤੇਜ਼ ਅਤੇ ਚਮਕਦਾਰ ਰੋਸ਼ਨੀ ਸੀ, ਜੋ ਉਸ ਨੂੰ ਆਪਣੀ ਵੱਲ ਖਿੱਚ ਰਹੀ ਸੀ। ਉਹ ਇਸ ਰੋਸ਼ਨੀ ਨੂੰ 'ਯੂਨੀਵਰਸਲ ਕੌਨਸ਼ਸਨੈੱਸ' (ਬ੍ਰਹਿਮੰਡੀ ਚੇਤਨਾ) ਜਾਂ ਰੱਬ ਦਾ ਰੂਪ ਮੰਨਦੀ ਹੈ, ਜੋ ਪਿਆਰ ਅਤੇ ਸ਼ਾਂਤੀ ਨਾਲ ਭਰੀ ਹੋਈ ਸੀ।

ਅਧਿਆਤਮਿਕਤਾ ਵੱਲ ਵਧਿਆ ਕਦਮ
ਇਸ ਹਾਦਸੇ ਤੋਂ ਪਹਿਲਾਂ ਏਰੀਕਾ ਰੱਬ ਜਾਂ ਅਧਿਆਤਮਿਕਤਾ ਵਿੱਚ ਵਿਸ਼ਵਾਸ ਨਹੀਂ ਕਰਦੀ ਸੀ, ਪਰ ਹੁਣ ਉਸ ਦਾ ਮੰਨਣਾ ਹੈ ਕਿ ਮੌਤ ਅੰਤ ਨਹੀਂ ਹੈ, ਸਗੋਂ ਇੱਕ ਭਰਮ ਹੈ। ਉਸ ਅਨੁਸਾਰ ਸਾਰੇ ਇਨਸਾਨ ਇੱਕੋ ਹੀ ਊਰਜਾ ਨਾਲ ਜੁੜੇ ਹੋਏ ਹਨ ਅਤੇ ਕਿਸੇ ਨੂੰ ਦੁੱਖ ਦੇਣਾ ਅਸਲ ਵਿੱਚ ਖੁਦ ਨੂੰ ਨੁਕਸਾਨ ਪਹੁੰਚਾਉਣ ਵਾਂਗ ਹੈ। ਉਹ ਲੋਕਾਂ ਨੂੰ ਸੰਦੇਸ਼ ਦਿੰਦੀ ਹੈ ਕਿ ਸਵਰਗ-ਨਰਕ ਦੀ ਚਿੰਤਾ ਕਰਨ ਦੀ ਬਜਾਏ ਕਰੁਣਾ ਅਤੇ ਪਿਆਰ ਨਾਲ ਜੀਵਨ ਜਿਉਣਾ ਜ਼ਿਆਦਾ ਜ਼ਰੂਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News