ਕੋਰੋਨਾਵਾਇਰਸ ਨਾਲ ਮਿਲ ਕੇ ਲੜਨਗੇ ਚੀਨ ਤੇ WHO
Tuesday, Jan 28, 2020 - 08:44 PM (IST)

ਬੀਜਿੰਗ- ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਦੇ ਜਨਰਲ ਸਕੱਤਰ ਡਾ. ਟੇਡਰੋਸ ਅਧਾਨੋਮ ਗੇਬ੍ਰਿਸਸ ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਮੰਗਲਵਾਰ ਨੂੰ ਇਕ ਬੈਠਕ ਕਰਕੇ ਕੋਰੋਨਾਵਾਇਰਸ ਨਾਲ ਨਿਪਟਣ ਵਿਚ ਸਰਗਰਮ ਭੂਮਿਕਾ ਨਿਭਾਉਣ 'ਤੇ ਜ਼ੋਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਕ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 106 ਤੋਂ ਵਧੇਰੇ ਹੈ ਤੇ 4515 ਲੋਕ ਇਸ ਨਾਲ ਪੀੜਤ ਦੱਸੇ ਜਾ ਰਹੇ ਹਨ।
ਇਕ ਬਿਆਨ ਦੇ ਮੁਤਾਬਕ ਸ਼੍ਰੀ ਗੇਬ੍ਰਿਸਸ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਨਿਪਟਣ ਦੇ ਲਈ ਡਬਲਿਊ.ਐਚ.ਓ. ਚੀਨ ਦੇ ਨਾਲ ਮਿਲ ਕੇ ਕੰਮ ਕਰਨ ਨੂੰ ਤਿਆਰ ਹੈ। ਵਾਂਗ ਨੇ ਕਿਹਾ ਕਿ ਚੀਨ ਨੇ ਇਸ ਮਹਾਮਾਰੀ ਦੇ ਬਾਰੇ ਵਿਚ ਪੂਰੀ ਪਾਰਦਰਸ਼ਤਾ ਵਰਤੀ ਹੈ ਤੇ ਰੋਗ ਦਾ ਪਤਾ ਲੱਗਦੇ ਹੀ ਅੰਤਰਰਾਸ਼ਟਰੀ ਪੱਧਰ 'ਤੇ ਸਾਰਿਆਂ ਨੂੰ ਮਾਮਲਿਆਂ ਦੀ ਜਾਣਕਾਰੀ ਦੇ ਦਿੱਤੀ ਤੇ ਵਿਸ਼ਵ ਭਾਈਚਾਰੇ ਤੇ ਵਿਸ਼ਵ ਸਿਹਤ ਸੰਗਠਨ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਦਸੰਬਰ 2019 ਵਿਚ ਵੁਹਾਨ ਸ਼ਹਿਰ ਵਿਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਇਹ ਹੋਰ ਦੇਸ਼ਾਂ ਵਿਚ ਵੀ ਫੈਲ ਗਿਆ। ਇਸ ਨਾਲ ਜੁੜੀ ਹਾਲ ਦੀ ਰਿਪੋਰਟ ਮੁਤਾਬਕ ਸਿੰਗਾਪੁਰ ਵਿਚ ਇਸ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਵਧਕੇ 7 ਹੋ ਗਈ ਹੈ। ਸਿੰਗਾਪੁਰ ਨੇ ਚੀਨ ਦੇ ਕੋਰੋਨਾਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ 23 ਜਨਵਰੀ ਨੂੰ ਕੀਤੀ ਸੀ।
ਸਿੰਗਾਪੁਰ ਸਿਹਤ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ ਕਿ 28 ਜਨਵਰੀ ਦੀ ਦੁਪਹਿਰ ਤੱਕ ਮੰਤਰਾਲਾ ਨੇ ਵੁਹਾਨ ਤੋਂ ਆਏ ਦੋ ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਮੰਤਰਾਲਾ ਪੰਜ ਮਾਮਲਿਆਂ ਦੀ ਪਹਿਲਾਂ ਹੀ ਪੁਸ਼ਟੀ ਕਰ ਚੁੱਕਿਆ ਹੈ। ਮੰਤਰਾਲਾ ਨੇ ਕਿਹਾ ਕਿ ਅਸੀਂ ਇਸ ਮਾਮਲੇ 'ਤੇ ਸਖਤ ਨਿਗਰਾਨੀ ਰੱਖ ਰਹੇ ਹਾਂ। ਹੋਰ ਮਾਹਰ ਡਾਕਟਰ ਨਿਮੋਨੀਆ ਨਾਲ ਜੁੜੇ ਮਾਮਲਿਆਂ 'ਤੇ ਵੀ ਨਿਗਰਾਨੀ ਰੱਖ ਰਹੇ ਹਨ।