ਕੁਰੈਸ਼ੀ ਨੇ ਅਮਰੀਕਾ ''ਚ ਪਾਕਿ ਦੂਤਾਵਾਸ ਨੂੰ ਲਿਖਿਆ ਪੱਤਰ, ਕਿਹਾ- ''ਵ੍ਹਾਈਟ ਹਾਊਸ ਇਸਲਾਮਾਬਾਦ ਪ੍ਰਤੀ ਉਦਾਸੀਨ''
Thursday, Oct 07, 2021 - 06:16 PM (IST)
ਲਾਹੌਰ (ਬਿਊਰੋ): ਚੀਨ ਨਾਲ ਦੋਸਤੀ ਕਾਰਨ ਪਾਕਿਸਤਾਨ ਹੁਣ ਅਮਰੀਕਾ ਤੋਂ ਦੂਰ ਹੁੰਦਾ ਜਾ ਰਿਹਾ ਹੈ।ਇਹੀ ਕਾਰਨ ਹੈ ਕਿ ਪਾਕਿਸਤਾਨ ਬਾਰ-ਬਾਰ ਅਮਰੀਕਾ ਨੂੰ ਆਪਣੇ ਸੰਬੰਧਾਂ ਬਾਰੇ ਯਾਦ ਕਰਵਾ ਰਿਹਾ ਹੈ। ਬੀਜਿੰਗ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਸਲਾਮਾਬਾਦ ਦਾ ਵਿੱਤੀ ਯੋਜਨਾਵਾਂ ਵਿਚ ਉਸ ਦਾ ਮਜ਼ਬੂਤ ਸਾਥੀ ਬਣ ਕੇ ਉਭਰਿਆ ਹੈ। ਚੀਨ ਨਾਲ ਨੇੜਤਾ ਦੇ ਬਾਅਦ ਪਾਕਿਸਤਾਨ ਅਤੇ ਅਮਰੀਕਾ ਵਿਚਕਾਰ ਦੂਰੀਆਂ ਵੱਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਮਰੀਕਾ ਵਿਚ ਆਪਣੇ ਦੇਸ਼ ਦੇ ਰਾਜਦੂਤ ਅਸਦ ਮਜੀਦ ਨੂੰ ਦੋਹਾਂ ਦੇਸ਼ਾਂ ਵਿਚਕਾਰ ਸੰਚਾਰ ਦੀ ਕਮੀ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਸਮਾਚਾਰ ਏਜੰਸੀਆਂ ਦੇ ਹੱਥ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਦੀ ਉਹ ਚਿੱਠੀ ਲੱਗੀ ਹੈ ਜੋ ਦੱਸਦੀ ਹੈ ਕਿ ਪਾਕਿਸਤਾਨ ਅਮਰੀਕਾ ਤੋਂ ਦੂਰ ਹੋ ਕੇ ਕਿਸ ਤਰ੍ਹਾਂ ਬੇਚੈਨ ਹੈ।
27 ਸਤੰਬਰ, 2021 ਨੂੰ ਲਿਖੇ ਗਏ ਪੱਤਰ ਵਿਚ ਕੁਰੈਸ਼ੀ ਦਾ ਕਹਿਣਾ ਹੈ ਕਿ ਪਾਕਿਸਤਾਨ ਦੂਤਾਵਾਸ ਦੋਹਾਂ ਦੇਸ਼ਾਂ ਵਿਚਕਾਰ ਮਹੱਤਵਪੂਰਨ ਸੰਪਰਕ ਸਥਾਪਿਤ ਕਰਨ ਵਿਚ ਅਸਮਰੱਥ ਰਿਹਾ ਹੈ। ਉਹ ਇਸ ਗੱਲ ਦਾ ਵੀ ਜ਼ਿਕਰ ਕਰਦੇ ਹਨ ਕਿ ਅਫਗਾਨਿਸਤਾਨ ਵਿਚ ਪਾਕਿਸਤਾਨ ਵੱਲੋਂ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਬਾਵਜੂਦ ਇਸਲਾਮਾਬਾਦ ਨੂੰ ਵਾਸ਼ਿੰਗਟਨ ਵੱਲੋਂ ਉਹ ਤਵੱਜ਼ੋ ਨਹੀਂ ਦਿੱਤੀ ਗਈ, ਜਿਸ ਦਾ ਉਹ ਹੱਕਦਾਰ ਸੀ। ਕੁਰੈਸ਼ੀ ਨੇ ਅਮਰੀਕਾ ਵਿਚ ਮੌਜੂਦ ਪਾਕਿਸਤਾਨ ਦੇ ਰਾਜਦੂਤ ਨੂੰ ਇਹ ਯਕੀਨੀ ਕਰਨ ਲਈ ਕਿਹਾ ਕਿ ਅਮਰੀਕਾ ਨਾਲ ਮੁੜ ਬਿਹਤਰ ਰਿਸ਼ਤੇ ਬਣਾਉਣ ਲਈ ਲੋੜੀਂਦੇ ਡਿਪਲੋਮੈਟਿਕ ਕਦਮ ਚੁੱਕੇ ਜਾਣ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਹਿੰਦੂ ਸਮੂਹ ਨੇ 'ਹਿੰਦੂਤਵ ਵਿਰੋਧੀ' ਸੰਮੇਲਨ ਨੂੰ ਲੈ ਕੇ ਯੂਨੀਵਰਸਿਟੀ ਖ਼ਿਲਾਫ਼ ਕੀਤੀ ਸ਼ਿਕਾਇਤ
ਕੁਰੈਸ਼ੀ ਵੱਲੋਂ ਪੱਤਰ ਲਿਖੇ ਜਾਣ ਸੰਬੰਧੀ ਜਾਣਕਾਰੀ ਉਦੋਂ ਸਾਹਮਣੇ ਆਈ ਹੈ ਜਦੋਂ ਇਕ ਹਫ਼ਤੇ ਪਹਿਲਾਂ ਹੀ ਅਮਰੀਕੀ ਸੈਨੇਟਰਾਂ ਦੇ ਇਕ ਸਮੂਹ ਨੇ ਉਸ ਬਿੱਲ ਦਾ ਸਮਰਥਨ ਕੀਤਾ ਹੈ ਜਿਸ ਵਿਚ ਤਾਲਿਬਾਨ ਦੀ ਵਾਪਸੀ ਵਿਚ ਪਾਕਿਸਤਾਨ ਦੀ ਭੂਮਿਕਾ ਦੀ ਜਾਂਚ ਦੀ ਮੰਗ ਕੀਤੀ ਗਈ ਸੀ। ਕੁਰੈਸ਼ੀ ਨੇ ਅਮਰੀਕਾ ਵਿਚ ਮੌਜੂਦ ਆਪਣੇ ਡਿਪਲੋਮੈਟਾਂ ਨੂੰ ਫਟਕਾਰ ਲਗਾਉਂਦੇ ਹੋਏ ਲਿਖਿਆ ਕਿ ਅਫਗਾਨਿਸਤਾਨ ਵਿਚ ਮੌਜੂਦਾ ਸਥਿਤੀ ਅਤੇ ਪਾਕਿਸਤਾਨ ਵੱਲੋਂ ਨਿਭਾਈ ਗਈ ਮਹੱਤਵਪੂਰਣ ਭੂਮਿਕਾ ਦੇ ਬਾਵਜੂਦ ਇਹ ਮੰਦਭਾਗਾ ਹੈ ਕਿ ਵ੍ਹਾਈਟ ਹਾਊਸ ਪਾਕਿਸਤਾਨੀ ਲੀਡਰਸ਼ਿਪ ਪ੍ਰਤੀ ਉਦਾਸੀਨ ਬਣਿਆ ਹੋਇਆ ਹੈ। ਕੁਰੈਸ਼ੀ ਨੇ ਕਿਹਾ ਕਿ ਅਮਰੀਕਾ ਦੀ ਉਦਾਸੀਨਤਾ ਪਾਕਿਸਤਾਨ ਦੇ ਕੂਟਨੀਤਕ ਦ੍ਰਿਸ਼ਟੀਕੋਣ ਦੀ ਖਾਮੀ ਨੂੰ ਦਰਸਾਉਂਦੀ ਹੈ।
ਉਹਨਾਂ ਨੇ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਪ੍ਰਤੀ ਗੁੱਸਾ ਜ਼ਾਹਰ ਕੀਤਾ ਅਤੇ ਕਿਹਾ ਕਿ ਬਦਕਿਸਮਤੀ ਨਾਲ ਅਮਰੀਕੀ ਰਾਸ਼ਟਰਪਤੀ ਨੂੰ ਸਲਾਹ ਦੇਣ ਵਾਲੇ ਵ੍ਹਾਈਟ ਹਾਊਸ ਦੇ ਕਰਮਚਾਰੀਆਂ ਦੀ ਦਇਆ 'ਤੇ ਪਾਕਿਸਤਾਨੀ ਦੂਤਾਵਾਸ ਨਿਰਭਰ ਹੈ। ਉਹਨਾਂ ਨੇ ਪਾਕਿਸਤਾਨੀ ਦੂਤਾਵਾਸ ਨੂੰ ਅਮਰੀਕਾ ਨਾਲ ਜਲਦੀ ਤੋਂ ਜਲਦੀ ਸੰਚਾਰ ਸਥਾਪਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉੱਥੇ ਪਾਕਿਸਤਾਨ ਦੀਆਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਮਰੀਕਾ ਦੇ ਰੁਖ਼ ਵਿਚ ਕਿਸੇ ਤਰ੍ਹਾਂ ਦੀ ਤਬਦੀਲੀ ਨਹੀਂ ਆਈ ਹੈ।
ਨੋਟ- ਅਮਰੀਕਾ ਵੱਲੋਂ ਪਾਕਿਸਤਾਨ ਨੂੰ ਕੀਤਾ ਜਾ ਰਿਹੈ ਨਜ਼ਰ ਅੰਦਾਜ਼, ਇਸ ਬਾਰੇ ਕੁਮੈਂਟ ਕਰ ਦਿਓ ਰਾਏ।