ਸਪੇਨ ''ਚ ਹਿੰਸਕ ਪ੍ਰਦਰਸ਼ਨ ਜਾਰੀ, ਪੁਲਸ ਨੇ ਰਬੜ ਦੀਆਂ ਗੋਲੀਆਂ ਦਾਗੀਆਂ

10/20/2019 10:48:29 AM

ਮੈਡ੍ਰਿਡ— ਸਪੇਨ 'ਚ 9 ਲੋਕਤੰਤਰ ਸਮਰਥਕ ਨੇਤਾਵਾਂ ਨੂੰ ਦੇਸ਼ ਧ੍ਰੋਹ ਦੇ ਦੋਸ਼ 'ਚ 9 ਤੋਂ 13 ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਵਿਰੋਧ 'ਚ ਹਿੰਸਕ ਪ੍ਰਦਰਸ਼ਨ ਜਾਰੀ ਹੈ। ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਰਾਤ ਜਿੱਥੇ ਇਕ ਫਾਇਰ ਫਾਈਟਰ 'ਤੇ ਹਮਲਾ ਕੀਤਾ, ਉੱਥੇ ਪੁਲਸ ਕਰਮਚਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ।

ਬਰਸੀਲੋਨਾ ਪੁਲਸ ਹਿੰਸਕ ਪ੍ਰਦਰਸ਼ਨ ਨੂੰ ਦੇਖਦੇ ਹੋਏ ਰਬੜ ਦੀਆਂ ਗੋਲੀਆਂ ਅਤੇ ਵਿਸ਼ੇਸ਼ ਉਪਕਰਣਾਂ ਦੀ ਵਰਤੋਂ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਕੈਟੇਲੋਨੀਆ 'ਚ ਰਾਸ਼ਟਰੀ ਪੁਲਸ ਦੇ ਦਫਤਰ ਕੋਲੋਂ ਸ਼ਨੀਵਾਰ ਦੇਰ ਸ਼ਾਮ ਕੂੜੇ ਦੇ ਥੈਲਿਆਂ ਅਤੇ ਸਜਾਵਟੀ ਦਰੱਖਤਾਂ ਨੂੰ ਇਕੱਠਾ ਕਰ ਕੇ ਇਕ ਬੈਰੀਕਡ ਬਣਾਇਆ ਅਤੇ ਉਸ 'ਚ ਅੱਗ ਲਗਾ ਦਿੱਤੀ ਪਰ ਫਾਇਰ ਫਾਈਟਰਜ਼ ਨੇ ਬਾਅਦ 'ਚ ਅੱਗ ਨੂੰ ਬੁਝਾ ਦਿੱਤਾ। ਉਤੇਜਿਤ ਪ੍ਰਦਰਸ਼ਨਕਾਰੀਆਂ ਨੇ ਸਥਾਨਕ ਸਮੇਂ ਮੁਤਾਬਕ ਅੱਧੀ ਰਾਤ ਤੋਂ ਥੋੜਾ ਪਹਿਲਾਂ ਇਕ ਫਾਇਰ ਫਾਈਟਰ 'ਤੇ ਹਮਲਾ ਕਰ ਦਿੱਤਾ।

ਇਸ ਦੇ ਬਾਅਦ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ, ਜਿਸ ਮਗਰੋਂ ਪ੍ਰਦਰਸ਼ਨਕਾਰੀ ਉੱਥੋਂ ਪਿੱਛੇ ਹਟੇ। ਪ੍ਰਦਰਸ਼ਨਕਾਰੀਆਂ ਦੇ ਹਟਣ ਮਗਰੋਂ ਫਾਇਰ ਫਾਈਟਰਜ਼ ਨੇ ਸੜਕ 'ਤੇ ਲੱਗੀ ਅੱਗ 'ਤੇ ਕਾਬੂ ਪਾਇਆ। ਜ਼ਿਕਰਯੋਗ ਹੈ ਕਿ ਸਾਲ 2017 'ਚ ਸੁਤੰਤਰ ਜਨਮਤ ਸੰਗ੍ਰਹਿ ਕਹਾਉਣ ਦੇ ਦੋਸ਼ 'ਚ ਸਪੇਨ ਦੀ ਉੱਚ ਅਦਾਲਤ ਨੇ 9 ਲੋਕਤੰਤਰ ਸਮਰਥਕ ਨੇਤਾਵਾਂ ਨੂੰ ਦੇਸ਼ਧ੍ਰੋਹ ਦਾ ਦੋਸ਼ੀ ਮੰਨਦੇ ਹੋਏ 9 ਤੋਂ 13 ਸਾਲ ਦੀ ਸਜ਼ਾ ਸੁਣਾਈ ਹੈ, ਜਿਸ ਦੇ ਵਿਰੋਧ 'ਚ ਪਿਛਲੇ ਸੋਮਵਾਰ ਤੋਂ ਕੈਟੇਲੋਨੀਆ ਸਮੇਤ ਸਪੇਨ ਦੇ ਵੱਖ-ਵੱਖ ਖੇਤਰਾਂ 'ਚ ਲੋਕ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ 'ਚ ਹੁਣ ਤਕ 180 ਲੋਕ ਜ਼ਖਮੀ ਹੋਏ ਹਨ, ਜਦਕਿ ਪੁਲਸ ਨੇ 80 ਤੋਂ ਵਧੇਰੇ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ।


Related News