ਕੇਜਰੀਵਾਲ ਨੂੰ ਤਿਹਾੜ ਜੇਲ੍ਹ ਲਿਜਾਉਣ ਕਾਰਨ ''ਆਪ'' ਵਰਕਰਾਂ ਨੇ ਕੀਤਾ ਪ੍ਰਦਰਸ਼ਨ
Monday, Apr 01, 2024 - 05:41 PM (IST)
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੋਮਵਾਰ ਨੂੰ ਤਿਹਾੜ ਜੇਲ੍ਹ 'ਚ ਲਿਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਕੀਤਾ। ਇੱਥੋਂ ਦੀ ਇਕ ਅਦਾਲਤ ਨੇ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਆਮ ਆਦਮੀ ਪਾਰਟੀ (ਆਪ) ਦੇ ਵਰਕਰ ਪਾਰਟੀ ਦੇ ਝੰਡੇ ਲੈ ਕੇ ਅਤੇ ਉਨ੍ਹਾਂ 'ਤੇ 'ਮੈਂ ਭੀ ਕੇਜਰੀਵਾਲ' ਲਿਖੀਆਂ ਟੀ-ਸ਼ਰਟਾਂ ਲੈ ਕੇ ਜੇਲ੍ਹ ਦੇ ਐਂਟਰੀ ਗੇਟ ਦੇ ਬਾਹਰ ਇਕੱਠੇ ਹੋਏ। ਕੇਜਰੀਵਾਲ ਨੂੰ ਜੇਲ ਨੰਬਰ-2 'ਚ ਰੱਖਿਆ ਜਾਵੇਗਾ।
ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤਿਹਾੜ ਜੇਲ੍ਹ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦਿੱਲੀ ਟ੍ਰੈਫਿਕ ਪੁਲਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ ਕਿ ਪ੍ਰਦਰਸ਼ਨ ਕਾਰਨ ਦਿੱਲੀ ਕੈਂਟ ਤੋਂ ਤਿਲਕ ਨਗਰ ਵੱਲ ਜਾਣ ਵਾਲੇ ਜੇਲ੍ਹ ਰੋਡ ਆਵਾਜਾਈ ਪ੍ਰਭਾਵਿਤ ਹੋਈ ਹੈ। ਕਿਰਪਾ ਕਰਕੇ ਇਸ ਹਿੱਸੇ ਤੋਂ ਬਚੋ।
ਦੱਸਣਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਖਤਮ ਹੋਣ ਤੋਂ ਬਾਅਦ ਕੇਜਰੀਵਾਲ ਨੂੰ ਸਪੈਸ਼ਲ ਜੱਜ ਕਾਵੇਰੀ ਬਾਵੇਜਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਈਡੀ ਨੇ ਕੇਜਰੀਵਾਲ ਦੀ 15 ਦਿਨਾਂ ਦੀ ਨਿਆਂਇਕ ਹਿਰਾਸਤ ਦੀ ਮੰਗ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਜਾਂਚ 'ਚ ਬਿਲਕੁਲ ਸਹਿਯੋਗ ਨਹੀਂ ਕੀਤਾ। ਸੰਘੀ ਜਾਂਚ ਏਜੰਸੀ ਨੇ 21 ਮਾਰਚ ਨੂੰ ਆਬਕਾਰੀ ਨੀਤੀ ਮਾਮਲੇ 'ਚ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ। ਅਗਲੇ ਦਿਨ ਵਿਸ਼ੇਸ਼ ਜੱਜ ਬਾਵੇਜਾ ਨੇ ਉਸ ਨੂੰ 28 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ। ਇਸ ਤੋਂ ਬਾਅਦ ਅਦਾਲਤ ਨੇ ਈਡੀ ਦੀ ਉਸ ਪਟੀਸ਼ਨ ਨੂੰ ਸਵੀਕਾਰ ਕਰ ਲਿਆ, ਜਿਸ ਵਿਚ ਕੇਜਰੀਵਾਲ ਦੀ ਹਿਰਾਸਤ 'ਚ ਪੁੱਛਗਿੱਛ ਚਾਰ ਦਿਨ ਯਾਨੀ 1 ਅਪ੍ਰੈਲ ਤੱਕ ਵਧਾਉਣ ਦੀ ਬੇਨਤੀ ਕੀਤੀ ਗਈ ਸੀ।