ਵੈਨੇਜ਼ੁਏਲਾ ਦੀ ਖਤਰਨਾਕ ਜੇਲ ''ਚ ਰਿਪੋਰਟਿੰਗ ਕਰਨ ਗਏ 3 ਪੱਤਰਕਾਰਾਂ ਨੂੰ ਕੀਤਾ ਗਿਆ ਰਿਹਾਅ

Monday, Oct 09, 2017 - 04:38 PM (IST)

ਕਾਰਾਕਸ (ਏ.ਐਫ.ਪੀ.)— ਵੈਨੇਜ਼ੁਏਲਾ ਨੇ ਉਨ੍ਹਾਂ ਤਿੰਨ ਪੱਤਰਕਾਰਾਂ ਨੂੰ ਰਿਹਾਅ ਕਰ ਦਿੱਤਾ ਹੈ, ਜਿਨ੍ਹਾਂ ਨੂੰ ਸ਼ੁੱਕਰਵਾਰ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦੋਂ ਉਹ ਉੱਤਰੀ ਵੈਨੇਜ਼ੁਏਲਾ ਦੀ ਇਕ ਕਥਿਤ ਜੇਲ ਦੀ ਰਿਪੋਰਟਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਨ੍ਹਾਂ ਪੱਤਰਕਾਰਾਂ 'ਚ ਇਟਲੀ, ਸਵਿਟਜ਼ਰਲੈਂਡ ਅਤੇ ਵੈਨੇਜ਼ੁਏਲਾ ਦਾ ਇਕ-ਇਕ ਪੱਤਰਕਾਰ ਸ਼ਾਮਲ ਹੈ। ਨੈਸ਼ਨਲ ਯੂਨੀਅਨ ਆਫ ਪ੍ਰੈਸ ਵਰਕਰਸ ਮੁਤਾਬਕ ਅਦਾਲਤ ਨੇ ਐਤਵਾਰ ਨੂੰ ਇਟਲੀ ਦੇ ਰੋਬਰਟੋ ਡਿ ਮੈਟੋ, ਸਵਿਟਜ਼ਰਲੈਂਡ ਦੇ ਫਿਲਿਪੋ ਰੌਸੀ ਅਤੇ ਵੈਨੇਜ਼ੁਏਲਾ ਦੇ ਯੀਸ਼ੂ ਮੇਦਿਨਾ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ। ਯੂਨੀਅਨ ਨੇ ਟਵਿੱਟਰ 'ਤੇ ਰਿਹਾਈ ਕਾਰਡ ਦਿਖਾਉਂਦੇ ਹੋਏ ਮੇਦਿਨਾ ਦੀ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਸਵਿਟਜ਼ਰਲੈਂਡ ਅਤੇ ਇਟਲੀ ਦੇ ਡਿਪਲੋਮੈਟਾਂ ਨੇ ਕਿਹਾ ਕਿ ਉਨ੍ਹਾਂ ਨੇ ਗ੍ਰਿਫਤਾਰ ਪੱਤਰਕਾਰਾਂ ਨਾਲ ਸਹੀ ਵਿਵਹਾਰ ਯਕੀਨੀ ਕਰਨ ਲਈ ਦਖਲ ਦਿੱਤਾ ਸੀ। ਇਟਲੀ ਦੇ ਵਿਦੇਸ਼ ਮੰਤਰੀ ਐਂਜਲੀਨੋ ਅਲਫਾਨੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਸ ਮਾਮਲੇ 'ਤੇ ਬਹੁਤ ਧਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਚੰਗੀ ਖਬਰ ਹੈ। ਇਸ ਮਾਮਲੇ 'ਚ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਵਾਲੇ ਅਧਿਕਾਰ ਸਮੂਹ ਫੋਰੋ ਪੇਨਲ ਨੇ ਕਿਹਾ ਕਿ ਪੱਤਰਕਾਰਾਂ ਅਤੇ ਉਨ੍ਹਾਂ ਦੇ ਟੀ.ਵੀ. ਚਾਲਕ ਦਸਤਾ ਰਿਪੋਰਟਿੰਗ ਲਈ ਤੋਕੋਰਾਨ ਜੇਲ 'ਚ ਦਾਖਲ ਹੋਇਆ ਸੀ। ਇਸ ਜੇਲ ਨੂੰ ਦੇਸ਼ ਦੀਆਂ ਸਭ ਤੋਂ ਖਤਰਨਾਕ ਜੇਲਾਂ 'ਚੋਂ ਇਕ ਮੰਨਿਆ ਜਾਂਦਾ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਵੈਨੇਜ਼ੁਏਲਾ ਦੀ ਇਸ ਜੇਲ 'ਚ ਕੈਦੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਥੇ ਕੈਦੀ ਕੁਪੋਸ਼ਣ ਦਾ ਸ਼ਿਕਾਰ ਵੀ ਹਨ। ਹਾਲਾਂਕਿ ਸਰਕਾਰ ਇਥੇ ਕੈਦੀਆਂ ਦੀ ਗਿਣਤੀ ਘਟਾਉਣ ਦੀ ਯੋਜਨਾ ਬਣਾ ਰਹੀ ਹੈ। ਪ੍ਰੈਸ ਯੂਨੀਅਨ ਨੇ ਸ਼ਨੀਵਾਰ ਨੂੰ ਇਨ੍ਹਾਂ ਤਿੰਨਾਂ ਪੱਤਰਕਾਰਾਂ ਦੀ ਪਿੱਛੋਂ ਲਈ ਗਈ ਤਸਵੀਰ ਜਾਰੀ ਕੀਤੀ ਸੀ। ਉਨ੍ਹਾਂ ਨੂੰ ਹਥਕੜੀ ਪਹਿਨਾਈ ਗਈ ਸੀ ਅਤੇ ਦੋ ਫੌਜੀ ਮੁਲਾਜ਼ਮ ਉਨ੍ਹਾਂ ਦੇ ਆਲੇ-ਦੁਆਲੇ ਖੜੇ ਸਨ। ਯੂਨੀਅਨ ਨੇ ਇਕ ਬਿਆਨ 'ਚ ਕਿਹਾ ਕਿ ਉਨ੍ਹਾਂ ਪੱਤਰਕਾਰਾਂ ਕੋਲ ਤੋਕੋਰਾਨ ਜੇਲ 'ਚ ਦਾਖਲ ਹੋਣ ਦੀ ਇਜਾਜ਼ਤ ਸੀ ਅਤੇ ਜੇਲ 'ਚ ਦਾਖਲ ਹੋਣ ਦੌਰਾਨ ਉਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ ਪਰ ਜਦੋਂ ਉਹ ਜੇਲ ਅੰਦਰ ਪਹੁੰਚ ਗਏ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।


Related News