ਅਮਰੀਕੀ ਰਾਜਦੂਤ ਨਿੱਕੀ ਹੇਲੀ ਦੇ ਘਰ ਲੱਗੇ 35 ਲੱਖ ਦੇ ਪਰਦੇ
Saturday, Sep 15, 2018 - 04:14 AM (IST)

ਨਿਊਯਾਰਕ— ਅਮਰੀਕਾ ਦੇ ਵਿਦੇਸ਼ ਮੰਤਰਾਲਾ ਨੇ ਪਿਛਲੇ ਸਾਲ ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਦੇ ਅਧਿਕਾਰਕ ਰਿਹਾਇਸ 'ਚ ਪਰਦੇ ਲਗਾਉਣ 'ਤੇ 52 ਹਜ਼ਾਰ 701 ਡਾਲਰ (ਕਰੀਬ 35 ਲੱਖ ਰੁਪਏ) ਖਰਚ ਕਰ ਦਿੱਤੇ। ਇਸ ਨੂੰ ਲੈ ਕੇ ਵਿਦੇਸ਼ ਮੰਤਰਾਲਾ ਸਵਾਲਾਂ ਦੇ ਘੇਰੇ 'ਚ ਹੈ ਕਿਉਂਕਿ ਉਸ ਸਮੇਂ ਖਰਚ 'ਚ ਕਟੌਤੀ ਕੀਤੀ ਜਾ ਰਹੀ ਸੀ। ਇਥੇ ਤਕ ਕਿ ਨਵੇਂ ਡਿਪਲੋਮੈਟਾਂ ਦੀ ਨਿਯੁਕਤੀ ਵੀ ਬੰਦ ਸੀ।
ਨਿਊਯਾਰਕ ਟਾਈਮ 'ਚ ਛਪੀ ਇਕ ਰਿਪੋਰਟ ਮੁਤਾਬਕ ਭਾਰਤੀ ਮੂਲ ਦੀ ਹੇਲੀ ਲਈ ਮੰਤਰਾਲਾ ਨੇ 2016 'ਚ ਇਥੇ ਯੂ.ਐੱਨ. ਮੁੱਖ ਦਫਤਰ ਨੇੜੇ ਹੀ ਇਕ ਅਪਾਰਟਮੈਂਟ ਕਿਰਾਏ 'ਤੇ ਲਿਆ। ਇਸ ਅਪਾਰਟਮੈਂਟ ਲਈ ਹਰ ਮਹੀਨੇ 58 ਹਜ਼ਾਰ ਡਾਲਰ (ਕਰੀਬ 41 ਲੱਖ ਰੁਪਏ) ਭੁਗਤਾਨ ਕੀਤੇ ਜਾਂਦੇ ਹਨ। ਹੇਲੀ ਦੇ ਬੁਲਾਰੇ ਨੇ ਕਿਹਾ ਕਿ ਇਸ 'ਚ ਹੇਲੀ ਦੀ ਕੋਈ ਭੂਮਿਕਾ ਨਹੀਂ ਹੈ।
ਰਿਪੋਰਟਾਂ ਮੁਤਾਬਕ ਜਦੋਂ ਇਹ ਪਰਦੇ ਖਰੀਦੇ ਜਾ ਰਹੇ ਸਨ ਉਦੋਂ ਖਰਚ ਕਟੌਤੀ ਕਾਰਨ ਵਿਦੇਸ਼ ਮੰਤਰਾਲਾ 'ਚ ਨਿਯੁਕਤੀਆਂ ਬੰਦ ਸਨ। ਪਰਦਿਆਂ 'ਤੇ ਕੀਤਾ ਗਿਆ ਇਹ ਖਰਚ ਸ਼ਹਿਰੀ ਵਿਕਾਸ ਮੰਤਰੀ ਬੇਨ ਕਾਰਸਨ ਦੇ ਦਫਤਰ ਲਈ 31 ਹਜ਼ਾਰ ਡਾਲਰ 'ਚ ਖਰੀਦੇ ਗਏ ਡਾਇਨਿੰਗ ਰੂਮ ਸੈਟ ਤੋਂ ਕੀਤੇ ਜ਼ਿਆਦਾ ਹਨ। ਉਦੋਂ ਇਸ ਖਬਰ ਦੇ ਸਾਹਮਣੇ ਆਉਣ 'ਤੇ ਟਰੰਪ ਕਾਰਸਨ ਨੂੰ ਬਰਖਾਸਤ ਕਰਨ 'ਤੇ ਵਿਚਾਰ ਕਰ ਰਹੇ ਸਨ।