ਸਕੂਲ ਬੋਰਡ ਟਰੱਸਟੀ ਲਈ ਕਿਸਮਤ ਅਜਮਾ ਰਹੇ ਨਿੱਕ ਸਹੋਤਾ, ਪੰਜਾਬੀਆਂ ਨੂੰ ਕੀਤੀ ਅਪੀਲ

Saturday, Sep 19, 2020 - 11:39 AM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਤਿੰਨ ਨਵੰਬਰ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦੌਰਾਨ ਵੱਖੋ-ਵੱਖ ਅਸਾਮੀਆਂ ਲਈ ਪੰਜਾਬੀ ਉਮੀਦਵਾਰ ਵੀ ਆਪੋ-ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸੇ ਕੜੀ ਤਹਿਤ ਫਰਿਜ਼ਨੋ ਦੇ ਲਾਗਲੇ ਸ਼ਹਿਰ ਸਿਲਮਾ ਤੋਂ ਇੰਜੀਨੀਅਰ ਨਰਿੰਦਰ ਸਿੰਘ ਸਹੋਤਾ (ਨਿੱਕ ਸਹੋਤਾ) ਵੀ ਸਿਲਮਾ ਸਕੂਲ ਬੋਰਡ ਏਰੀਆ 2 ਲਈ ਟਰੱਸਟੀ ਦੀ ਚੋਣ ਲੜ ਰਹੇ ਹਨ। ਕੋਵਿਡ-19 ਦੇ ਚੱਲਦਿਆਂ ਪਿਛਲੇ ਦਿਨੀਂ ਸਿਲਮਾ ਵਿਖੇ ਆਪਣੇ ਦਫਤਰ ਵਿਚ ਉਨ੍ਹਾਂ ਗਿਣਤੀ ਦੇ ਆਪਣੇ ਸਪੋਰਟਰਾਂ ਨਾਲ ਮੀਟਿੰਗ ਕੀਤੀ ਅਤੇ ਮੀਡੀਏ ਜ਼ਰੀਏ ਪੰਜਾਬੀ ਭਾਈਚਾਰੇ ਨੂੰ ਵੋਟਾਂ ਵਿੱਚ ਉਨ੍ਹਾਂ ਦੀ ਮਦਦ ਕਰਨ ਦੀ ਅਪੀਲ ਕੀਤੀ। 

ਉਨ੍ਹਾਂ ਕਿਹਾ ਕਿ ਸਕੂਲ ਬੋਰਡ ਵਿਚ ਬਹੁਤ ਕੁਝ ਅਜਿਹਾ ਹੈ, ਜਿਸਨੂੰ ਠੀਕ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੇਰੀ ਕੋਸ਼ਿਸ਼ ਹੋਵੇਗੀ ਕਿ ਸਕੂਲ ਬੋਰਡ ਲਈ ਬਰਾਬਰ ਫੰਡ ਮਿਲਣ, ਬੇਰੁਜ਼ਗਾਰ ਅਧਿਆਪਕਾਂ ਨੂੰ ਕੰਮ 'ਤੇ ਰੱਖਿਆ ਜਾਵੇ, ਬੱਚਿਆਂ ਨੂੰ ਕੋਵਿਡ ਕਰਕੇ ਇੰਟਰਨੈੱਟ ਦੀ ਮੁਸ਼ਕਲ ਨਾ ਆਵੇ।

PunjabKesari

ਉਨ੍ਹਾਂ ਕਿਹਾ ਕਿ ਮੈ ਪਹਿਲ ਦੇ ਆਧਾਰ 'ਤੇ ਸਿਲਮਾ ਸਕੂਲ ਬੋਰਡ ਦੇ ਸਕੂਲਾਂ ਵਿਚ ਪੰਜਾਬੀ ਕਲਾਸ ਸ਼ੁਰੂ ਕਰਵਾਉਣ ਲਈ ਸਿਰ ਤੋੜ ਯਤਨ ਕਰਾਂਗਾ ਤਾਂ ਕਿ ਸਾਡੀ ਨਵੀਂ ਪੀੜੀ ਨੂੰ ਪੰਜਾਬੀਅਤ ਨਾਲ ਜੋੜਿਆ ਜਾ ਸਕੇ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਿਛਲੇ ਤੀਹ ਸਾਲ ਤੋਂ ਫਰਿਜ਼ਨੋ ਏਰੀਏ ਵਿਚ ਰਹਿ ਰਹੇ ਹਨ ਅਤੇ ਵੱਖੋ-ਵੱਖ ਕਲੱਬਾਂ ਅਤੇ ਸੰਸਥਾਵਾਂ ਜ਼ਰੀਏ ਭਾਈਚਾਰੇ ਦੀ ਸੇਵਾ ਕਰ ਰਹੇ ਹਨ। ਉਹ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਵੀ ਰਹੇ ਹਨ ਅਤੇ ਓਦੋਂ ਤੋਂ ਹੀ ਉਹ ਸਿਲਮਾ ਸਕੂਲ ਬੋਰਡ ਦੇ ਬੱਚਿਆਂ ਦੀ ਮਦਦ ਕਰਦੇ ਆ ਰਹੇ ਹਾਂ। ਉਨ੍ਹਾਂ ਦੱਸਿਆ ਕਿ ਉਹ ਤਕਰੀਬਨ 13 ਸਾਲ ਦੀ ਉਮਰ ਵਿਚ ਉਹ ਅਮਰੀਕਾ ਆਏ ਸਨ। ਇੱਥੇ ਫਰਿਜ਼ਨੋ ਏਰੀਏ ਤੋਂ ਸਕੂਲ ਦੀ ਪੜ੍ਹਾਈ ਕੀਤੀ। ਉਹ ਸਰਦਾਰ ਸਨ ਤੇ ਕਈ ਵਾਰ ਬੁਲਿੰਗ ਦੇ ਵੀ ਸ਼ਿਕਾਰ ਹੋਏ। ਉਨ੍ਹਾਂ ਕਿਹਾ ਕਿ ਹੋਰ ਕਿਸੇ ਵਿਦਿਆਰਥੀ ਨੂੰ ਉਨ੍ਹਾਂ ਵਰਗੇ ਹਲਾਤਾਂ ਵਿੱਚੋਂ ਨਾ ਲੰਘਣਾ ਪਵੇ। ਇਸ ਕਰਕੇ ਉਹ ਸਕੂਲ ਬੋਰਡ ਦੇ ਟਰੱਸਟੀ ਦੀ ਚੋਣ ਲੜ ਰਹੇ ਹਨ । ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਭਾਈਚਾਰਾ ਮੈਨੂੰ ਆਪਣੀ ਅਵਾਜ਼ ਦੇ ਤੌਰ ਤੇ ਜ਼ਰੂਰ ਚੁਣਕੇ ਭੇਜੇਗਾ ਅਤੇ ਉਨ੍ਹਾਂ ਦੀ ਪ੍ਰੋਫਾਇਲ VOTE4SAHOTA.com ਤੋਂ ਉਨ੍ਹਾਂ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਨ।
 


Lalita Mam

Content Editor

Related News