ਹੈਰਿਸ ਨੇ ਸੈਨੇਟ ਸੀਟ ਤੋਂ ਦਿੱਤਾ ਅਸਤੀਫ਼ਾ, ਕੈਲੀਫੋਰਨੀਆ ਦੇ ਲੋਕਾਂ ਦਾ ਕੀਤਾ ਧੰਨਵਾਦ
Tuesday, Jan 19, 2021 - 05:54 PM (IST)
ਵਾਸ਼ਿੰਗਟਨ- ਸੰਯੁਕਤ ਰਾਜ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸੋਮਵਾਰ ਨੂੰ ਆਪਣੀ ਸੈਨੇਟ ਦੀ ਸੀਟ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਪਣੇ ਆਪ ਨੂੰ 'ਕੈਲੀਫੋਰਨੀਆ ਦੀ ਗੌਰਵਸ਼ਾਲੀ ਵਾਲੀ ਧੀ' ਕਿਹਾ। ਉਨ੍ਹਾਂ ਨੇ ਸਮਰਥਨ ਦੇਣ ਵਾਲੇ ਅਮਰੀਕਾ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ। ਹੈਰਿਸ ਨੇ ਬੁੱਧਵਾਰ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਆਪਣੀ ਸੈਨੇਟ ਦੀ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਸੈਨੇਟ ਵਿਚ ਚਾਰ ਸਾਲ ਦਾ ਕਾਰਜਕਾਲ ਖ਼ਤਮ ਕੀਤਾ।
ਹੈਰਿਸ ਨੇ ਕੈਲੀਫੋਰਨੀਆ ਤੋਂ ਸਾਲ 2017 ਤੋਂ 2021 ਤੱਕ ਅਮਰੀਕਾ ਦੇ ਸੈਨੇਟਰ ਵਜੋਂ ਸੇਵਾ ਨਿਭਾਈ ਅਤੇ 2011 ਤੋਂ 2017 ਤੱਕ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰਹੀ। ਹੈਰਿਸ (56) ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ, "ਇਸ ਤਰ੍ਹਾਂ ਦੀ ਇਕ ਟੀਮ ਨਾਲ ਕੰਮ ਕਰਨਾ ਤੇ ਦੇਸ਼ ਦੀ ਸੇਵਾ ਕਰਨਾ ਬਹੁਤ ਵੱਡਾ ਸਨਮਾਨ ਰਿਹਾ। ਹੈਰਿਸ ਨੇ ਆਪਣੇ ਕਾਰਜਕਾਲ ਨੂੰ ਯਾਦ ਕੀਤਾ ਤੇ ਦੱਸਿਆ ਕਿ ਉਨ੍ਹਾਂ ਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਉਹ ਖੁਸ਼ ਹੈ।
ਉਨ੍ਹਾਂ ਕਿਹਾ ਕਿ ਆਪਣੇ ਚਾਰ ਸਾਲ ਦੇ ਕਾਰਜਕਾਲ ਵਿਚ ਅਸੀਂ ਕੁਝ ਅਜਿਹੇ ਕੰਮ ਕੀਤੇ ਤੇ ਤੁਸੀਂ ਮੈਨੂੰ ਸੇਵਾ ਕਰਨ ਦਾ ਸਨਮਾਨ ਦਿੱਤਾ। ਹੈਰਿਸ ਨੇ ਕਿਹਾ ਕਿ ਨਿਸ਼ਚਿਤ ਤੌਰ 'ਤੇ ਮੈਂ ਅਲਵਿਦਾ ਨਹੀਂ ਕਹਿ ਰਹੀ ਹਾਂ। ਹੁਣ ਤੁਹਾਡੇ ਉਪ ਰਾਸ਼ਟਰਪਤੀ ਵਜੋਂ ਸੇਵਾ ਕਰਾਂਗੀ। ਜ਼ਿਕਰਯੋਗ ਹੈ ਕਿ 20 ਜਨਵਰੀ ਨੂੰ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕਣ ਦੇ ਨਾਲ ਹੀ ਕਮਲਾ ਹੈਰਿਸ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੇਗੀ।