USA : ਇਨਵੁੱਡ ਸਟ੍ਰੀਟ ''ਚ ਗੋਲੀਆਂ ਮਾਰ ਕੇ ਇਕ ਵਿਅਕਤੀ ਦਾ ਕਤਲ
Saturday, Oct 17, 2020 - 11:44 AM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਨਿਊਯਾਰਕ ਦੀ ਇਨਵੁੱਡ ਸਟ੍ਰੀਟ ਤੇ ਇਕ ਵਿਅਕਤੀ ਦੀ ਗੋਲੀਆਂ ਨਾਲ ਹਮਲੇ ਤੋਂ ਬਾਅਦ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਤਿੰਨ ਬੱਚਿਆਂ ਦੇ ਪਿਤਾ ਨੂੰ ਇਕ ਕਾਤਲ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਸ ਕਾਤਲ ਨੇ ਮਰਨ ਵਾਲੇ ਵਿਅਕਤੀ 'ਤੇ 15 ਗੋਲੀਆਂ ਚਲਾਈਆਂ ਸਨ। ਪੁਲਸ ਅਧਿਕਾਰੀਆਂ ਅਨੁਸਾਰ ਓਰਲੈਂਡੋ ਵਾਲਰੇਜ਼ੋ (32) ਪੋਸਟ ਏਵ 'ਤੇ ਖੜ੍ਹਾ ਸੀ ਅਤੇ ਬੰਦੂਕਧਾਰੀ ਨੇ ਲਗਭਗ 4:45 ਵਜੇ ਵਾਲਰੇਜੋ ਨੂੰ ਛਾਤੀ ਅਤੇ ਬਾਂਹ ਵਿਚ ਗੋਲੀ ਮਾਰੀ। ਇਸ ਘਟਨਾ ਦੇ ਸੰਬੰਧ ਵਿਚ ਇੱਕ 66 ਸਾਲਾ ਗਵਾਹ ਆਦਮੀ ਨੇ ਦੱਸਿਆ ਕਿ ਦੋਸ਼ੀ ਨੇ ਬਹੁਤ ਸਾਰੀਆਂ ਗੋਲੀਆਂ ਚਲਾਈਆਂ ਸਨ ਅਤੇ ਪੀੜਤ ਵਿਅਕਤੀ ਉਸੇ ਇਮਾਰਤ ਵਿਚ ਆਪਣੀ ਮਾਂ ਨਾਲ ਰਹਿੰਦਾ ਸੀ ਜਿੱਥੇ ਉਹ ਡਿੱਗਿਆ ਸੀ। ਪੀੜਤ ਨੂੰ ਸੇਂਟ ਬਰਨਬਾਸ ਹਸਪਤਾਲ ਵੀ ਲਿਜਾਇਆ ਗਿਆ ਪਰ ਉਹ ਬਚ ਨਹੀਂ ਸਕਿਆ। ਨੁਨੇਜ਼ ਜੋ ਵਾਲਰੇਜ਼ੋ ਦੀ ਪਤਨੀ ਹੈ ਨੇ ਕਿਹਾ ਕਿ ਉਹ ਇਕ ਦਿਨ ਪਹਿਲਾਂ ਹੀ ਕਿਸੇ ਨਾਲ ਲੜਿਆ ਸੀ। ਪੁਲਸ ਨੇ ਇਸ ਗੋਲੀਬਾਰੀ ਦੇ ਸੰਬੰਧ ਵਿਚ ਅਜੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਹੈ।