ਟਰੰਪ ਦਾ ਖੁਲਾਸਾ, ਕਿਹਾ-'ਮੈਂ ਖੁਦ ਲੈ ਰਿਹਾ ਹਾਂ ਹਾਈਡ੍ਰੋਕਸੀਕਲੋਰੋਕਵਿਨ'
Tuesday, May 19, 2020 - 09:45 AM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਦਿੱਤੇ ਆਪਣੇ ਇਕ ਬਿਆਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਟਰੰਪ ਮੁਤਾਬਕ ਉਹ ਪਿਛਲੇ ਡੇਢ ਹਫਤੇ ਤੋਂ ਮਲੇਰੀਆ ਦੀ ਦਵਾਈ ਲੈ ਰਹੇ ਹਨ। ਟਰੰਪ ਨੇ ਸੋਮਵਾਰ ਨੂੰ ਸਵੀਕਾਰ ਕੀਤਾ ਕਿ ਉਹ ਆਪਣੀ ਹੀ ਸਰਕਾਰ ਦੀਆਂ ਚਿਤਾਵਨੀਆਂ ਦੇ ਬਾਵਜੂਦ ਕੋਰੋਨਾਵਾਇਰਸ ਤੋਂ ਬਚਾਅ ਲਈ ਮਲੇਰੀਆ ਦੀ ਦਵਾਈ ਲੈ ਰਹੇ ਹਨ। ਇੱਥੇ ਦੱਸ ਦਈਏ ਕਿ ਮਲੇਰੀਆ ਦੀ ਦਵਾਈ ਦੀ ਵਰਤੋਂ ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਕੀਤੀ ਜਾ ਰਹੀ ਹੈ।
ਟਰੰਪ ਨੇ ਪੱਤਰਕਾਰਾਂ ਨੂੰ ਕਿਹਾ,''ਉਹ ਲੱਗਭਗ ਇਕ ਤੋਂ ਡੇਢ ਹਫਤੇ ਤੋਂ ਦਵਾਈ, ਹਾਈਡ੍ਰੋਕਸੀਕਲੋਰੋਕਵਿਨ ਅਤੇ ਜ਼ਿੰਕ ਸਪਲੀਮੈਂਟ ਰੋਜ਼ਾਨਾ ਲੈ ਰਹੇ ਹਨ।'' ਟਰੰਪ ਨੇ ਦੱਸਿਆ ਕਿ ਉਹਨਾਂ ਨੇ ਇਸ ਦਵਾਈ ਨੂੰ ਖਾਣ ਲਈ ਵ੍ਹਾਈਟ ਹਾਊਸ ਦੇ ਡਾਕਟਰ ਤੋਂ ਰਾਏ ਮੰਗੀ ਸੀ ਅਤੇ ਉਹਨਾਂ ਨੇ ਇਸ ਲਈ ਆਪਣੀ ਸਹਿਮਤੀ ਦੇ ਦਿੱਤੀ। ਟਰੰਪ ਨੇ ਦੱਸਿਆ,''ਮੈਂ ਉਹਨਾਂ ਤੋਂ ਪੁੱਛਿਆ ਤੁਹਾਡੀ ਕੀ ਸਲਾਹ ਹੈ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ।'' ਡਾਕਟਰ ਨੂੰ ਟਰੰਪ ਨੇ ਜਵਾਬ ਦਿੱਤਾ ਹਾਂ ਮੈਂ ਇਸ ਦਵਾਈ ਨੂੰ ਲੈਣਾ ਚਾਹੁੰਦਾ ਹਾਂ। ਭਾਵੇਂਕਿ ਟਰੰਪ ਕੋਰੋਨਾਵਾਇਰਸ ਪਾਜ਼ੇਟਿਵ ਨਹੀਂ ਹਨ ਅਤੇ ਉਹਨਾਂ ਨੂੰ ਇਹ ਦਵਾਈ ਲੈਣ ਦੀ ਲੋੜ ਨਹੀਂ ਹੈ।
ਟਰੰਪ ਨੇ ਕਿਹਾ ਕਿ ਮੈਂ ਇਹ ਦਵਾਈ ਲੈਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਇਹ ਵਧੀਆ ਹੈ। ਮੈਂ ਇਸ ਬਾਰੇ ਬਹੁਤ ਚੰਗੀਆਂ ਗੱਲਾਂ ਸੁਣੀਆਂ ਹਨ। ਟਰੰਪ ਨੇ ਦਵਾਈ ਦੇ ਮਾੜੇ ਪ੍ਰਭਾਵਾਂ ਦੀਆਂ ਖਬਰਾਂ ਨੂੰ ਖਾਰਿਜ ਕਰਦਿਆਂ ਕਿਹਾ,''ਤੁਹਾਨੂੰ ਸਾਰਿਆਂ ਨੂੰ ਮੈਂ ਦੱਸ ਸਕਦਾ ਹਾਂ ਕਿ ਹੁਣ ਮੈਂ ਠੀਕ ਦਿਸ ਰਿਹਾ ਹਾਂ।'' ਟਰੰਪ ਹਾਈਡ੍ਰਕੋਸੀਕਲੋਰੋਕਵਿਨ ਦੇ ਪ੍ਰਮੋਸ਼ਨ ਵਿਚ ਕਾਫੀ ਦਿਲਚਸਪੀ ਲੈ ਰਹੇ ਸਨ ਜਦਕਿ ਉਹਨਾਂ ਦੀ ਖੁਦ ਦੀ ਸਰਕਾਰ ਦੇ ਰੈਗੁਲੇਟਰਾਂ ਨੇ ਇਸ ਦੀ ਵਰਤੋਂ ਨੂੰ ਲੈ ਕੇ ਚਿਤਾਵਨੀ ਦਿੱਤੀ ਸੀ।
ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਲੱਗੇ ਭੂਚਾਲ ਦੇ ਝਟਕੇ, 2 ਲੋਕਾਂ ਦੀ ਮੌਤ ਤੇ 13 ਜ਼ਖਮੀ
ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ.ਡੀ.ਏ.) ਨੇ ਮਲੇਰੀਆ ਦੇ ਮਰੀਜ਼ਾਂ ਲਈ ਵਰਤੀ ਜਾਣ ਵਾਲੀ ਦਵਾਈ ਦੇ ਮਾੜੇ ਪ੍ਰਭਾਵ ਦੱਸੇ ਹਨ ਅਤੇ ਕਿਹਾ ਹੈ ਕਿ ਇਸ ਦੀ ਜ਼ਿਆਦਾ ਵਰਤੋਂ ਨਾਲ ਦਿਲ ਸੰਬੰਧੀ ਬੀਮਾਰੀਆਂ ਹੋਣ ਦਾ ਖਤਰਾ ਹੈ। ਨਾਲ ਹੀ ਇਹ ਵੀ ਦੱਸਿਆ ਗਿਆ ਕਿ ਕੋਵਿਡ-19 ਲਈ ਇਹ ਸਟੀਕ ਇਲਾਜ ਨਹੀਂ ਹੈ। ਟਰੰਪ ਨੇ ਕਿਹਾ,''ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕਿੰਨੇ ਲੋਕ ਇਹ ਦਵਾਈ ਲੈ ਰਹੇ ਹਨ। ਖਾਸ ਕਰਕੇ ਫਰੰਟ ਲਾਈਨ ਵਰਕਰ। ਮੈਂ ਵੀ ਇਸ ਨੂੰ ਲੈ ਰਿਹਾ ਹਾਂ। ਕੁਝ ਹਫਤੇ ਪਹਿਲਾਂ ਮੈਂ ਇਹ ਦਵਾਈ ਲੈਣੀ ਸੁਰੂ ਕੀਤੀ ਸੀ।'' ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਅਮਰੀਕੀ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 90 ਹਜ਼ਾਰ ਦੇ ਪਾਰ ਜਾ ਚੁੱਕੀ ਹੈ ਜਦਕਿ 14 ਲੱਖ ਦੀ ਆਬਾਦੀ ਇਸ ਦੀ ਚਪੇਟ ਵਿਚ ਹੈ।