ਦੁਨੀਆ ''ਚ ਤਬਾਹੀ ਲਿਆ ਸਕਦਾ ਹੈ ਇਹ ਵਿਨਾਸ਼ਕਾਰੀ ''ਟਰੱਕ'', ਜਾਣੋ ਖਾਸੀਅਤ
Wednesday, Oct 21, 2020 - 06:26 PM (IST)
ਵਾਸ਼ਿੰਗਟਨ (ਬਿਊਰੋ): ਕਿੱਲਰ ਮਿਜ਼ਾਈਲਾਂ ਨਾਲ ਲੈਸ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦਾ ਇਕ ਖਾਸ ਟਰੱਕ ਇਨੀਂ ਦਿਨੀਂ ਕਾਫੀ ਚਰਚਾ ਵਿਚ ਹੈ। ਇਸ ਬਹੁਤ ਖਾਸ ਟਰੱਕ ਦਾ ਪਿਛਲੇ ਦਿਨੀਂ ਕੈਲੀਫੋਰਨੀਆ ਸਥਿਤ ਸਾਂਡਿਆ ਨੈਸ਼ਨਲ ਲੈਬੋਰਟਰੀ ਵਿਚ ਪਰੀਖਣ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਹਾਕਿਆਂ ਵਿਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪਰੀਖਣ ਸੀ। ਇਸ ਵਿਚ ਰਾਕੇਟ ਦੀ ਵਰਤੋਂ ਟਰੱਕ ਨੂੰ ਅੱਗੇ ਅੱਗੇ ਵਧਾਉਣ ਲਈ ਕੀਤੀ ਗਈ। ਅਸਲ ਵਿਚ ਅਮਰੀਕਾ ਇਸ ਅਤੀ ਆਧੁਨਿਕ ਸੁਰੱਖਿਆ ਉਪਕਰਨਾਂ ਨਾਲ ਲੈਸ ਵੱਡੇ ਟਰੱਕ ਜ਼ਰੀਏ ਆਪਣੇ ਵਿਨਾਸ਼ਕਾਰੀ ਪਰਮਾਣੂ ਹਥਿਆਰਾਂ ਨੂੰ ਦੇਸ਼ ਵਿਚ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਂਦਾ ਹੈ।
ਅਮਰੀਕਾ ਕੋਲ ਕੁੱਲ 3800 ਪਰਮਾਣੂ ਬੰਬ
ਅਮਰੀਕਾ ਦੇ ਇਸ ਵਿਸ਼ਾਲ ਟਰੱਕ ਦਾ ਨਾਮ ਮੋਬਾਇਲ ਗਾਰਡੀਅਨ ਟਰਾਂਸਪੋਰਟਰ ਜਾਂ MGT ਹੈ। ਰਾਕੇਟ ਦੀ ਵਰਤੋਂ ਕਰ ਕੇ ਕੀਤੇ ਗਏ ਇਸ ਪਰੀਖਣ ਦਾ ਉਦੇਸ਼ ਭਵਿੱਖ ਵਿਚ ਪਰਮਾਣੂ ਹਥਿਆਰ ਲਿਜਾਂਦੇ ਸਮੇਂ ਹੋਣ ਵਾਲੀ ਕਿਸੇ ਵੀ ਸੰਭਾਵਿਤ ਹਾਦਸੇ ਸਬੰਧੀ ਤਿਆਰੀ ਕਰਨਾ ਹੈ। ਇਸ ਟਰੱਕ ਦਾ ਨਿਰਮਾਣ ਸਾਲ 2015 ਵਿਚ ਸ਼ੁਰੂ ਹੋਇਆ ਸੀ। ਇਸ ਸਾਲ ਮਾਰਚ ਵਿਚ ਇਹ ਟਰੱਕ ਬਣ ਕੇ ਤਿਆਰ ਹੋ ਗਿਆ ਹੈ। ਐੱਮ.ਜੀ.ਟੀ. ਵਰਤਮਾਨ ਸਮੇਂ ਵਿਚ ਵਰਤੇ ਜਾਣ ਵਾਲੇ ਸੇਫਗਾਰਡ ਟਰਾਂਸਪੋਰਟ ਦੀ ਜਗ੍ਹਾ ਲਵੇਗਾ। ਦੀ ਡ੍ਰਾਈਵ ਦੀ ਰਿਪੋਰਟ ਦੇ ਮੁਤਾਬਕ, ਇਸ ਟਰੱਕ ਦੀ ਵਰਤੋਂ ਅਮਰੀਕਾ ਨੈਸ਼ਨਲ ਨਿਊਕਲੀਅਰ ਸਿਕਓਰਿਟੀ ਪ੍ਰਸ਼ਾਸਨ (NNSA) ਦਾ ਆਫਿਸ ਆਫ ਸਿਕਓਰ ਟਰਾਂਸਪੋਰਟੇਸ਼ਨ ਕਰੇਗਾ। ਅਮਰੀਕਾ ਕੋਲ ਕੁੱਲ 3,800 ਪਰਮਾਣੂ ਬੰਬ ਹਨ।
20 ਸਾਲ ਬਾਅਦ ਅਮਰੀਕਾ ਬਦਲ ਰਿਹਾ ਪਰਮਾਣੂ ਟਰੱਕ
ਆਫਿਸ ਆਫ ਸਿਕਓਰ ਟਰਾਂਸਪੋਰਟੇਸ਼ਨ ਪੂਰੇ ਅਮਰੀਕਾ ਵਿਚ ਸੁਰੱਖਿਅਤ ਢੰਗ ਨਾਲ ਦੇਸ਼ ਭਰ ਵਿਚ ਪਰਮਾਣੂ ਹਥਿਆਰਾਂ ਨੂੰ ਲਿਜਾਂਦਾ ਹੈ। ਐੱਮ.ਜੀ.ਟੀ. ਪ੍ਰੋਗਰਾਮ ਦੇ ਸੀਨੀਅਰ ਮੈਨੇਜਰ ਜਿਮ ਰੇਡਮੋਂਡ ਨੇ ਕਿਹਾ,''ਮੈਂ ਰਾਕੇਟ ਦਾਗੇ ਜਾਂਦੇ ਸਮੇਂ ਕਾਫੀ ਉਤਸ਼ਾਹਿਤ ਸੀ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਪਰੀਖਣ ਸਫਲ ਰਿਹਾ।'' ਇਸ ਤੋਂ ਪਹਿਲਾਂ ਸਾਂਡਿਆ ਨੈਸ਼ਨਲ ਲੈਬੋਰਟਰੀ ਦੇ ਵਿਗਿਆਨੀਆਂ ਨੇ ਕਰੀਬ 20 ਸਾਲ ਪਹਿਲਾਂ ਇਸ ਤਰ੍ਹਾਂ ਦੇ ਪ੍ਰਯੋਗ ਕੀਤੇ ਸਨ। ਉਸ ਸਮੇਂ ਇਕ ਹੋਰ ਟਰੱਕ ਨੂੰ ਬੈਰੀਅਰ ਨਾਲ ਟਕਰਾ ਦਿੱਤਾ ਗਿਆ ਸੀ। ਅਮਰੀਕਾ ਨੇ ਸਾਲ 1990 ਦੇ ਦਹਾਕੇ ਵਿਚ ਇਹਨਾਂ ਟਰੱਕਾਂ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਸੀ।
ਅਮਰੀਕਾ ਨੇ ਬਣਾਇਆ ਨਵਾਂ ਟਰੱਕ
ਪਿਛਲੇ ਦੋ ਦਹਾਕਿਆਂ ਵਿਚ ਤਕਨੀਕ ਵਿਚ ਕਾਫੀ ਤਬਦੀਲੀ ਆਈ ਹੈ ਅਤੇ ਅੱਤਵਾਦੀ ਖਤਰੇ ਵੀ ਵੱਧ ਗਏ ਹਨ। ਇਸ ਲਈ ਨਵਾਂ ਟ੍ਰੈਕਟਰ ਬਣਾਇਆ ਗਿਆ ਹੈ। ਮਾਹਰਾਂ ਦਾ ਕਹਿਣਾ ਹੈਕਿ ਆਧੁਨਿਕ ਪਰਮਾਣੂ ਬੰਬ ਵਿਚ ਗੈਰ ਰਵਾਇਤੀ ਵਿਸਫੋਟਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਝਟਕਾ ਲੱਗਣ ਜਾਂ ਅੱਗ ਲੱਗਣ 'ਤੇ ਫੱਟਦੇ ਨਹੀਂ ਹਨ। ਇਹਨਾਂ ਵਿਸਫੋਟਕਾਂ ਦੇ ਜ਼ਰੀਏ ਹੀ ਵਾਸਤਵਿਕ ਪਰਮਾਣੂ ਬੰਬ ਵਿਚ ਧਮਾਕਾ ਕੀਤਾ ਜਾਂਦਾ ਹੈ।
ਟਰੱਕ ਦੀ ਖਾਸੀਅਤ
ਇਸ ਟਰੱਕ ਨੂੰ ਇੰਝ ਬਣਾਇਆ ਗਿਆ ਹੈ ਕਿ ਇਸ ਵਿਚ ਕੰਧਾਂ ਬਣੀਆਂ ਹੋਈਆਂ ਹਨ ਜੋ ਫੋਮ ਜਿਹਾ ਚਿਪਕਣ ਵਾਲਾ ਪਦਾਰਥ ਛੱਡਦੀਆਂ ਹਨ। ਜੇਕਰ ਕੋਈ ਪਰਮਾਣੂ ਬੰਬ ਨੂੰ ਗੈਰ ਕਾਨੂੰਨੀ ਢੰਗ ਨਾਲ ਕੱਢਣ ਦੀ ਕੋਸ਼ਿਸ਼ ਕਰੇਗਾ ਤਾਂ ਉਹ ਉੱਥੇ ਹੀ ਚਿਪਕ ਜਾਵੇਗਾ ਅਤੇ ਹਿੱਲ ਨਹੀਂ ਸਕੇਗਾ। ਹਾਲੇ ਵਰਤੇ ਜਾਣ ਵਾਲੇ ਟਰੱਕ ਵਿਚ ਹੰਝੂ ਗੈਸ ਦੇ ਗੋਲੇ ਸੁੱਟਣ ਦੀ ਸਮਰੱਥਾ ਹੈ। ਇਸ ਵਿਚ ਵਿਸਫੋਟਕਾਂ ਨਾਲ ਲੱਗੇ ਬੋਲਟ ਲੱਗੇ ਹਨ ਅਤੇ ਜੇਕਰ ਕੋਈ ਇਸ ਟਰੱਕ ਨੂੰ ਖਿੱਚ ਕੇ ਕਿਤੇ ਹੋਰ ਲਿਜਾਣਾ ਚਾਹੇਗਾ ਤਾਂ ਉਸ ਵਿਚ ਵਿਸਫੋਟ ਹੋ ਜਾਵੇਗਾ, ਜਿਸ ਨਾਲ ਉਸ ਦੇ ਪਿਛਲੇ ਪਹੀਏ ਬਰਬਾਦ ਹੋ ਜਾਣਗੇ ਅਤੇ ਟਰੱਕ ਉੱਥੇ ਜਾਮ ਹੋ ਜਾਵੇਗਾ। ਇਸ ਟਰੱਕ ਨੂੰ ਕਿਤੇ ਹੋਰ ਲਿਜਾਣਾ ਅਸੰਭਵ ਹੋਵੇਗਾ। ਇਹੀ ਨਹੀਂ ਜੇਕਰ ਕੋਈ ਇਸ ਟਰੱਕ ਵਿਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੁੰਦਾ ਹੈ ਤਾਂ ਉਸ ਨੂੰ ਬਿਜਲੀ ਦੇ ਝਟਕੇ ਵੀ ਲੱਗਣਗੇ। ਇਸ ਨਵੇਂ ਟਰੱਕ ਵਿਚ ਇਹ ਖਾਸੀਅਤ ਹੈ ਜਾਂ ਨਹੀਂ ਇਹ ਪਤਾ ਨਹੀਂ ਚੱਲ ਪਾਇਆ ਹੈ। ਸਾਲ 1991 ਵਿਚ ਇਹ ਟਰੱਕ ਇਹ ਵਾਰ ਹਾਦਸੇ ਦਾ ਸ਼ਿਕਾਰ ਹੋ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਵਾਂ ਟਰੱਕ ਸਾਲ 2050 ਤੱਕ ਸੇਵਾ ਵਿਚ ਬਣਿਆ ਰਹੇਗਾ। ਇਸ ਟਰੱਕ ਦੇ ਨਾਲ ਹਥਿਆਰਾਂ ਨਾਲ ਲੈਸ ਖਾਸ ਕਮਾਂਡੋ ਦਸਤਾ ਵੀ ਹਰ ਸਮੇਂ ਨਾਲ ਚੱਲਦਾ ਹੈ।