ਗੁਰੂਹਰਸਹਾਏ ਦੀ ਬਸਤੀ ਗੁਰੂ ਕਰਮ ਸਿੰਘ ਵਾਲੀ ''ਚ ਸ਼ਰੇਆਮ ਵਿਕਦਾ ਹੈ ਨਸ਼ਾ

Tuesday, Oct 21, 2025 - 04:01 PM (IST)

ਗੁਰੂਹਰਸਹਾਏ ਦੀ ਬਸਤੀ ਗੁਰੂ ਕਰਮ ਸਿੰਘ ਵਾਲੀ ''ਚ ਸ਼ਰੇਆਮ ਵਿਕਦਾ ਹੈ ਨਸ਼ਾ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਅੰਦਰ ਨਸ਼ਾ ਵੇਚਣ ਅਤੇ ਲੈਣ ਵਾਲੇ ਲੋਕ ਬੜੇ ਹੀ ਹੌਂਸਲੇ ਨਾਲ ਨਸ਼ਾ ਵੇਚ ਅਤੇ ਲੈ ਰਹੇ ਹਨ। ਨਸ਼ਾ ਵੇਚਣ ਅਤੇ ਲੈਣ ਵਾਲੇ ਨੌਜਵਾਨ ਸਵੇਰੇ ਸ਼ਾਮ ਸ਼ਹਿਰ ਦੀ ਬਸਤੀ ਗੁਰੂ ਕਰਮ ਸਿੰਘ ਵਾਲੀ ਅਤੇ ਉਸਦੇ ਆਸ ਪਾਸ ਗਲੀਆਂ ਵਿਚ ਨਸ਼ਾ ਇੱਕ ਦੂਜੇ ਕੋਲੋਂ ਲੈਂਦੇ ਦਿੰਦੇ ਦੇਖੇ ਜਾ ਸਕਦੇ ਹਨ। ਬੀਤੇ ਦਿਨੀਂ ਬਸਤੀ ਗੁਰੂ ਕਰਮ ਸਿੰਘ ਵਾਲੀ ਦੀਆਂ ਗਲੀਆਂ 'ਚ ਪੰਜ ਨੌਜਵਾਨ 2 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਤੇ ਇਕ ਦੂਜੇ ਨੂੰ ਨਸ਼ਾ ਵੰਡ ਕੇ ਪੈਸਿਆਂ ਦਾ ਲੈਣ ਦੇਣ ਕੀਤਾ ਤੇ ਉਥੋਂ ਇਹ ਕਹਿੰਦੇ ਚਲੇ ਗਏ ਕਿ ਅਸੀਂ ਤਾਂ ਨਸ਼ਾ ਵੇਚਣਾ ਹੀ ਹੈ। 

ਇਹ ਸਾਰੀ ਘਟਨਾ ਕਿਸੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਗੁਰੂਹਰਸਹਾਏ ਸ਼ਹਿਰ ਅੰਦਰ ਬਸਤੀ ਗੁਰੂ ਕਰਮ ਸਿੰਘ ਵਾਲੀ ਅਤੇ ਹੋਰ ਵੱਖ-ਵੱਖ ਥਾਵਾਂ 'ਤੇ ਨਸ਼ਾ ਵੱਡੇ ਪੱਧਰ 'ਤੇ ਸ਼ਰੇਆਮ ਵਿੱਕ ਰਿਹਾ ਹੈ ਨਾ ਤਾ ਨਸ਼ਾ ਵੇਚਣ ਵਾਲੇ ਨੂੰ ਅਤੇ ਨਾ ਹੀ ਨਸ਼ਾ ਲੈਣ ਵਾਲੇ ਨੂੰ ਪੁਲਸ ਪ੍ਰਸ਼ਾਸਨ ਦਾ ਕੋਈ ਡਰ ਖੌਫ ਹੈ। ਨਸ਼ਾ ਵੰਡਣ ਅਤੇ ਵੇਚਣ ਵਾਲੇ ਲੋਕ ਧੜੱਲੇ ਨਾਲ ਨਸ਼ਾ ਵੇਚ ਕੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਇੱਥੇ ਇਹ ਵੀ ਗੱਲ ਦੱਸਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਹਲਕਾ ਗੁਰੂਹਰਸਹਾਏ ਵਿਚ ਪੈਂਦੇ ਪਿੰਡ ਲੱਖੋ ਕੇ ਬਹਿਰਾਮ ਤੇ ਸ਼ਹਿਰ ਅੰਦਰ ਥੋੜੇ ਦਿਨਾਂ ਅੰਦਰ ਹੀ ਨਸ਼ੇ ਨਾਲ ਇੱਕੋ ਦਿਨ ਹੀ ਕਈ ਨੌਜਵਾਨਾਂ ਦੀ ਮੌਤ ਹੋ ਗਈ ਸੀ। ਪੁਲਸ ਪ੍ਰਸ਼ਾਸਨ ਨਸ਼ਾ ਵੇਚਣ ਵਾਲੇ ਲੋਕਾਂ ਨੂੰ ਫੜਨ ਵਿਚ ਨਾਕਾਮਯਾਬ ਸਾਬਤ ਹੋ ਰਹੀ ਹੈ ਜੇ ਇਨ੍ਹਾਂ ਨੂੰ ਜਲਦੀ ਨਾ ਫੜਿਆ ਗਿਆ ਤਾਂ ਪਤਾ ਨਹੀਂ ਕਿੰਨੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਜਾਣਗੀਆਂ।


author

Gurminder Singh

Content Editor

Related News