ਓਵਰਸਪੀਡ ਬਲੈਰੋ ਨੇ ਮਚਾਈ ਤਬਾਹੀ- ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ 5 ਲੋਕ ਜ਼ਖਮੀ
Monday, Oct 27, 2025 - 06:39 PM (IST)
ਲੁਧਿਆਣਾ (ਰਾਜ): ਬਸਤੀ ਚੌਕ ਨਜ਼ਦੀਕ ਐਤਵਾਰ ਸ਼ਾਮ ਤੇਜ਼ ਰਫਤਾਰ ਓਪਨ ਬਲੈਰੋ ਨੇ ਸੜਕ ’ਤੇ ਜਾ ਰਹੀ ਇਕ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਭਿੜ ਗਈ। ਹਾਦਸੇ ਤੋਂ ਬਾਅਦ ਮੌਕੇ ’ਤੇ ਹਫਰਾ-ਦਫੜੀ ਮਚ ਗਈ ਅਤੇ ਰਾਹਗੀਰਾਂ ਨੇ ਤੁਰੰਤ ਜ਼ਖਮੀਆਂ ਨੂੰ ਬਾਹਰ ਕੱਢਣ ’ਚ ਮਦਦ ਕੀਤੀ। ਦੇਖਣ ਵਾਲੇ ਲੋਕਾਂ ਮੁਤਾਬਕ ਬਲੈਰੋ ਕਾਫੀ ਤੇਜ਼ ਰਫਤਾਰ ’ਚ ਸੀ ਅਤੇ ਅਚਾਨਕ ਕੰਟਰੋਲ ਖੋਹ ਬੈਠੀ। ਹਾਦਸੇ ’ਚ ਕਾਰ ਅਤੇ ਮੋਟਰਸਾਈਕਲ ਬੁਰੀ ਤਰਾਂ ਨੁਕਸਾਨੀ ਗਈ। ਟੱਕਰ ਤੋਂ ਬਾਅਦ ਕਾਰ ਸਵਾਰ ਅਤੇ ਮੋਟਰਸਾਈਕਲ ਚਾਲਕ ਸਮੇਤ ਕਰੀਬ 4 ਤੋਂ 5 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਨੇੜਲੇ ਹਸਪਤਾਲ ਪਹੁੰਚਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭੀਖ ਮੰਗਦੇ ਬੱਚਿਆਂ ਦੇ DNA ਟੈਸਟ ਤੋਂ ਵੱਡੇ ਖ਼ੁਲਾਸੇ
ਸੂਚਨਾ ਮਿਲਦੇ ਹੀ ਥਾਣਾ ਟਿੱਬਾ ਦੇ ਅਧੀਨ ਆਉਣ ਵਾਲੇ ਚੌਕੀ ਸੁਭਾਸ਼ ਨਗਰ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਪੁਲਸ ਨੇ ਵਾਹਨ ਦੇ ਅਵਸੇਸ਼ ਅਤੇ ਆਲੇ-ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਤੋਂ ਬਾਅਦ ਬਲੈਰੋ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਭਾਲ ਪੁਲਸ ਨੇ ਸ਼ੁਰੂ ਕਰ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਬਲੈਰੋ ਕਬਜ਼ੇ ’ਚ ਲੈ ਲਈ ਹੈ।
