ਅਮਰੀਕਾ : 800 ਤੋਂ ਵੱਧ ਪੁਲਸ ਕਰਮਚਾਰੀਆਂ ਨੇ ਕੋਰੋਨਾ ਟੀਕਾ ਲਗਵਾਉਣ ਤੋਂ ਕੀਤਾ ਇਨਕਾਰ
Thursday, Mar 18, 2021 - 11:15 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕੀ ਸੂਬੇ ਮੈਸੇਚਿਉਸੇਟਸ ਵਿੱਚ ਜ਼ਿਆਦਾਤਰ ਪੁਲਸ ਅਧਿਕਾਰੀ ਕੋਰੋਨਾ ਟੀਕਾ ਲਗਵਾਉਣ ਤੋਂ ਇਨਕਾਰ ਕਰ ਰਹੇ ਹਨ। ਪੁਲਸ ਵਿਭਾਗ ਅਨੁਸਾਰ 800 ਤੋਂ ਵੱਧ ਮੈਸੇਚਿਉਸੇਟਸ ਸਟੇਟ ਪੁਲਸ ਮੁਲਾਜ਼ਮਾਂ ਨੇ ਟੀਕਾਕਰਨ ਦੀ ਤਰਜੀਹ ਦੇ ਪਹਿਲੇ ਪੜਾਅ ਵਿੱਚ ਹੋਣ ਦੇ ਬਾਵਜੂਦ ਕੋਵਿਡ-19 ਟੀਕਾ ਪ੍ਰਾਪਤ ਕਰਨ ਤੋਂ ਇਨਕਾਰ ਕੀਤਾ ਹੈ। ਵਿਭਾਗ ਅਨੁਸਾਰ ਸਹੁੰ ਚੁੱਕੇ ਹੋਏ ਅਧਿਕਾਰੀਆਂ ਅਤੇ ਸਿਵਲ ਅਫਸਰਾਂ ਸਮੇਤ ਸੂਬੇ ਦੇ ਕੁੱਲ 845 ਪੁਲਸ ਅਧਿਕਾਰੀਆਂ ਨੇ ਰਾਜ ਦੇ ਪੁਲਸ ਕਲੀਨਿਕਾਂ 'ਤੇ ਇਹ ਟੀਕਾ ਲੈਣ ਤੋਂ ਇਨਕਾਰ ਕਰ ਦਿੱਤਾ।
ਇਸੇ ਦੌਰਾਨ ਐਮ ਐਸ ਪੀ ਦੇ ਅਧਿਕਾਰੀਆਂ ਅਨੁਸਾਰ ਪੁਲਸ ਦੇ 2,002 ਮੈਂਬਰਾਂ ਨੇ ਵਿਭਾਗ ਦੇ ਕਲੀਨਿਕਾਂ ਵਿੱਚ ਕੋਰੋਨਾ ਵਾਇਰਸ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਪ੍ਰਾਪਤ ਵੀ ਕੀਤੀ ਹੈ। ਇਸ ਸੰਬੰਧੀ ਬੋਸਟਨ ਗਲੋਬ ਦੀ ਰਿਪੋਰਟ ਦੇ ਅਨੁਸਾਰ, ਰਾਜ ਵਿੱਚ ਟੀਕੇ ਲਈ ਝਿਜਕ ਇੱਕ ਅਹਿਮ ਮੁੱਦਾ ਹੈ। ਪਿਛਲੇ ਹਫਤੇ ਰਾਜ ਦੇ ਜੇਲ੍ਹ ਵਿਭਾਗ ਦੀ ਇੱਕ ਰਿਪੋਰਟ ਅਨੁਸਾਰ ਇਸ ਦੇ ਅੱਧੇ ਤੋਂ ਵੱਧ ਸਟਾਫ ਨੇ ਕੰਮ 'ਤੇ ਟੀਕਾ ਲਗਵਾਉਣ ਦੀ ਰਾਜ ਦੀ ਪੇਸ਼ਕਸ਼ ਤੋਂ ਇਨਕਾਰ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਚੋਣਾਂ 'ਚ ਦਖਲ ਅੰਦਾਜ਼ੀ ਲਈ ਰੂਸ ਨੂੰ ਚੁਕਾਉਣੀ ਹੋਵੇਗੀ ਕੀਮਤ : ਬਾਈਡੇਨ
ਮੈਸੇਚਿਉਸੇਟਸ ਵਿੱਚ, 11 ਜਨਵਰੀ ਨੂੰ ਸ਼ੁਰੂ ਹੋਣ ਵਾਲੇ ਟੀਕਾਕਰਨ ਵਿੱਚ ਫਸਟ ਰਿਸਪਾਂਡਰਸ ਨੂੰ ਪਹਿਲ ਦਿੱਤੀ ਗਈ ਸੀ ਅਤੇ ਸੂਬੇ ਨੇ ਜਵਾਨਾਂ ਅਤੇ ਹੋਰ ਅਧਿਕਾਰੀਆਂ ਲਈ ਤਿੰਨ ਟੀਕਾਕਰਨ ਸਥਾਨਾਂ ਦੀ ਸਥਾਪਨਾ ਕੀਤੀ ਸੀ। ਜਨਤਕ ਸਿਹਤ ਵਿਭਾਗ ਦੀ ਤਾਜ਼ਾ ਕੋਰੋਨਾ ਟੀਕਾ ਰਿਪੋਰਟ ਅਨੁਸਾਰ ਮੈਸੇਚਿਉਸੇਟਸ ਵਿੱਚ ਸੋਮਵਾਰ ਤੱਕ ਤਕਰੀਬਨ 10 ਲੱਖ ਲੋਕਾਂ ਨੂੰ ਪੂਰੀ ਤਰ੍ਹਾਂ ਟੀਕੇ ਲਗਾਏ ਗਏ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।