ਅਮਰੀਕਾ : ਨਿਊਯਾਰਕ ਤੇ ਮੈਰੀਲੈਂਡ ਨੇ ਕੀਤਾ ਕੋਵਿਡ-19 ਟੀਕਾ ਲਾਟਰੀ ਦਾ ਐਲਾਨ

Saturday, May 22, 2021 - 11:20 AM (IST)

ਅਮਰੀਕਾ : ਨਿਊਯਾਰਕ ਤੇ ਮੈਰੀਲੈਂਡ ਨੇ ਕੀਤਾ ਕੋਵਿਡ-19 ਟੀਕਾ ਲਾਟਰੀ ਦਾ ਐਲਾਨ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਕੋਰੋਨਾ ਟੀਕਾਕਰਨ ਮੁਹਿੰਮ ਦੌਰਾਨ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਉਤਸ਼ਾਹਿਤ ਕਰਨ ਦੇ ਮਕਸਦ ਲਈ ਵੱਖ-ਵੱਖ ਯੋਜਨਾਵਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਇਨ੍ਹਾਂ ’ਚੋਂ ਕੋਰੋਨਾ ਟੀਕਾਕਰਨ ਲਾਟਰੀ ਯੋਜਨਾ ਵੀ ਪ੍ਰਮੁੱਖ ਹੈ। ਦੇਸ਼ ’ਚ ਨਿਊਯਾਰਕ ਅਤੇ ਮੈਰੀਲੈਂਡ ਨੇ ਵੀਰਵਾਰ ਨੂੰ ਕੋਵਿਡ-19 ਟੀਕੇ ਲਗਵਾਉਣ ਲਈ ਕੋਰੋਨਾ ਲਾਟਰੀ ਦਾ ਐਲਾਨ ਕੀਤਾ ਹੈ। ਨਿਊਯਾਰਕ ਦੇ ਗਵਰਨਰ ਐਂਡ੍ਰਿਊ ਕੁਓਮੋ ਨੇ ‘ਵੈਕਸ ਐਂਡ ਸਕ੍ਰੈਚ’ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜੋ ਸੋਮਵਾਰ 24 ਮਈ ਤੋਂ 28 ਮਈ ਤੱਕ ਸੂਬੇ ਭਰ ਦੀਆਂ 10 ਥਾਵਾਂ ’ਚੋਂ ਇੱਕ ’ਤੇ ਟੀਕਾ ਲਗਵਾਉਣ ਵਾਲੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ 5 ਮਿਲੀਅਨ ਡਾਲਰ ਦੇ ਇਨਾਮ ਵਾਲੀ ਲਾਟਰੀ ਦੀਆਂ ਟਿਕਟਾਂ ਦੇਵੇਗਾ। ਇਸ ਦੇ ਨਾਲ ਹੀ ਮੈਰੀਲੈਂਡ ਦੇ ਗਵਰਨਰ ਲੈਰੀ ਹੋਗਨ ਨੇ ਵੀ 20 ਲੱਖ ਡਾਲਰ ਦੇ ‘ਵੈਕਸ ਕੈਸ਼ ਪ੍ਰਮੋਸ਼ਨ’ ਦਾ ਐਲਾਨ ਕੀਤਾ ਹੈ, ਜੋ ਮੰਗਲਵਾਰ 25 ਮਈ ਤੋਂ ਐਤਵਾਰ 4 ਜੁਲਾਈ ਤੱਕ ਚੱਲੇਗਾ।

ਲੈਰੀ ਹੋਗਨ ਅਨੁਸਾਰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਟੀਕੇ ਲਗਾਉਣ ਵਾਲੇ ਲੋਕ ਆਟੋਮੈਟੀਕਲੀ ਰੋਜ਼ਾਨਾ ਲਾਟਰੀ ’ਚ ਦਾਖਲ ਹੋ ਜਾਣਗੇ, ਇਸ ਤਹਿਤ ਹਰ ਦਿਨ 40,000 ਡਾਲਰ ਦਾ ਨਕਦ ਇਨਾਮ ਰੱਖਿਆ ਗਿਆ ਹੈ, ਜਦਕਿ ਅੰਤਿਮ ਰੋਜ਼ਾਨਾ ਵੱਡਾ ਇਨਾਮ 4,00,000 ਡਾਲਰ ਦਾ ਦਿੱਤਾ ਜਾਵੇਗਾ। ਨਿਊਯਾਰਕ ਅਤੇ ਮੈਰੀਲੈਂਡ ’ਚ ਇਸ ਯੋਜਨਾ ਦਾ ਐਲਾਨ, ਓਹੀਓ ’ਚ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਕੀਤਾ ਗਿਆ ਹੈ। ਓਹੀਓ ’ਚ ਟੀਕਾ ਲਗਵਾਉਣ ਵਾਲੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਪੰਜ ਵਸਨੀਕ ਇਕ ਮਿਲੀਅਨ ਡਾਲਰ ਤੱਕ ਦਾ ਲਾਟਰੀ ਇਨਾਮ ਜਿੱਤ ਸਕਦੇ ਹਨ। ਜ਼ਿਕਰਯੋਗ ਹੈ ਕਿ ਓਹੀਓ ਨੇ ਪਿਛਲੇ ਹਫ਼ਤੇ ਆਪਣੀ 5 ਮਿਲੀਅਨ ਡਾਲਰ ਦੀ ‘ਵੈਕਸ-ਏ-ਮਿਲੀਅਨ’ ਲਾਟਰੀ ਦਾ ਐਲਾਨ ਕਰਨ ਤੋਂ ਬਾਅਦ ਟੀਕੇ ਲਗਵਾਉਣ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਹੈ।


author

Manoj

Content Editor

Related News