ਬਿਡੇਨ ਨੇ ਮਾਸਕ ਪਾਉਣ ਸਬੰਧੀ ਮੁੱਦੇ ''ਤੇ ਟਰੰਪ ਨੂੰ ਦੱਸਿਆ ''ਮੂਰਖ''

Wednesday, May 27, 2020 - 09:14 AM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੈਟਿਕ ਪਾਰਟੀ ਵੱਲੋਂ ਸੰਭਾਵਿਤ ਉਮੀਦਵਾਰ ਜੋ ਬਿਡੇਨ ਨੇ ਕਿਹਾ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਨਤਕ ਸਥਾਨਾਂ 'ਤੇ ਮਾਸਕ ਪਾਉਣਾ ਲੀਡਰਸ਼ਿਪ ਦੇ ਸੰਕੇਤ ਹਨ। ਉਹਨਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 'ਮੂਰਖ' ਦੱਸਿਆ ਜੋ ਇਸ ਦੇ ਉਲਟ ਸਲਾਹ ਦੇਕੇ ਮੌਤ ਦਾ ਅੰਕੜਾ ਵਧਾ ਰਹੇ ਹਨ। ਬਿਡੇਨ ਦੀ ਇਹ ਟਿੱਪਣੀ ਮੰਗਲਵਾਰ ਨੂੰ ਉਦੋਂ ਸਾਹਮਣੇ ਆਈ ਜਦੋਂ ਇਕ ਦਿਨ ਪਹਿਲਾਂ ਉਹ 2 ਮਹੀਨਿਆਂ ਤੋਂ ਵਧੇਰੇ ਸਮੇਂ ਦੇ ਬਾਅਦ ਪਹਿਲੀ ਵਾਰ ਜਨਤਾ ਵਿਚ ਨਜ਼ਰ ਆਏ। 

ਬਿਡੇਨ ਇਸ ਗਲੋਬਲ ਮਹਾਮਾਰੀ ਦੌਰਾਨ ਡੇਲਵੇਅਰ ਸਥਿਤ ਆਪਣੇ ਘਰ ਵਿਚ ਸਨ ਅਤੇ ਬੀਤੇ ਦਿਨੀਂ ਉਹ ਆਪਣੀ ਪਤਨੀ ਜ਼ਿਲ ਦੇ ਨਾਲ ਯਾਦਗਾਰੀ ਦਿਵਸ ਮੌਕੇ ਸਾਬਕਾ ਫੌਜੀਆਂ ਦੇ ਸਮਾਰਕ 'ਤੇ ਸ਼ਰਧਾਂਜਲੀ ਦੇਣ ਲਈ ਬਾਹਰ ਨਿਕਲੇ। ਟਰੰਪ ਨੇ ਬਾਅਦ ਵਿਚ ਇਕ ਪੋਸਟ ਰੀਟਵੀਟ ਕੀਤਾ ਜੋ ਮਾਸਕ ਪਹਿਨੇ ਹੋਏ ਬਿਡੇਨ ਦੀ ਇਕ ਤਸਵੀਰ ਦਾ ਮਜ਼ਾਕ ਉਡਾਉਂਦਾ ਪ੍ਰਤੀਤ ਹੋਇਆ। ਭਾਵੇਂਕਿ ਬਾਅਦ ਵਿਚ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਮਤਲਬ ਆਲੋਚਨਾ ਨਹੀਂ ਹੈ। 

ਸੀ.ਐੱਨ.ਐੱਨ. ਨੂੰ ਦਿੱਤੇ ਇਕ ਇੰਟਰਵਿਊ ਵਿਚ ਬਿਡੇਨ ਨੇ ਕਿਹਾ,''ਉਹ ਮੂਰਖ ਹਨ, ਪੂਰੀ ਤਰ੍ਹਾਂ ਮੂਰਖ ਜੋ ਇਸ ਤਰ੍ਹਾਂ ਗੱਲ ਕਰਦੇ ਹਨ। ਉਹਨਾਂ ਤੋਂ ਨਜ਼ੀਰ ਪੇਸ਼ ਕੀਤੇ ਜਾਣ ਦੀ ਆਸ ਸੀ।'' ਸਾਬਕਾ ਉਪ ਰਾਸ਼ਟਰਪਤੀ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਕਰੀਬ 1 ਲੱਖ ਅਮਰੀਕੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਹਨਾਂ ਵਿਚੋਂ ਅੱਧੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਸੀ ਪਰ ਟਰੰਪ ਦੀ ਲਾਪਰਵਾਹੀ ਅਤੇ ਹਊਮੈ ਇਸ ਦੀ ਰੁਕਾਵਟ ਬਣ ਗਿਆ। ਅਸਲ ਵਿਚ ਟਰੰਪ ਨੇ ਮਾਸਕ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ। ਬਿਡੇਨ ਨੇ ਆਪਣੇ ਘਰ ਦੇ ਬਾਹਰ ਹੋਏ ਸੀ.ਐੱਨ.ਐੱਨ. ਨਾਲ ਇੰਟਰਵਿਊ ਦੌਰਾਨ ਮਾਸਕ ਨਹੀਂ ਪਾਇਆ ਪਰ ਉਹ ਰਿਪੋਟਰ ਤੋਂ 12 ਫੁੱਟ ਦੀ ਦੂਰੀ 'ਤੇ ਬੈਠੇ ਹੋਏ ਸਨ। ਉਹਨਾਂ ਨੇ ਕਿਹਾ,''ਇਹ ਕਦਮ ਲੋਕਾਂ ਦੀ ਜਾਨ ਲੈ ਰਿਹਾ ਹੈ।'' ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਇਸ ਮੁੱਦੇ ਦਾ ਰਾਜਨੀਤੀਕਰਨ ਕਰ ਰਹੇ ਹਨ ਅਤੇ ਮੌਤ ਦਾ ਅੰਕੜਾ ਵਧਾ ਰਹੇ ਹਨ। 


Vandana

Content Editor

Related News