ਅਮਰੀਕਾ : ਤਕਰੀਬਨ 100 ਸਾਲ ਪਹਿਲਾਂ ਜ਼ਬਤ ਹੋਈ ਜ਼ਮੀਨ ਕਾਲੇ ਮੂਲ ਦੇ ਪਰਿਵਾਰ ਨੂੰ ਹੋਵੇਗੀ ਵਾਪਿਸ
Friday, Apr 23, 2021 - 11:08 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਦੱਖਣੀ ਕੈਲੀਫੋਰਨੀਆ ਵਿੱਚ ਇੱਕ ਬੀਚ ਫਰੰਟ ਦੀ ਜ਼ਮੀਨ ਦਾ ਇੱਕ ਹਿੱਸਾ ਜਿਹੜਾ ਕਿ ਇੱਕ ਕਾਲੇ ਪਰਿਵਾਰ ਤੋਂ 97 ਸਾਲ ਪਹਿਲਾਂ ਜ਼ਬਤ ਕੀਤਾ ਗਿਆ ਸੀ, ਨੂੰ ਉਨ੍ਹਾਂ ਦੇ ਵੰਸ਼ਜ ਨੂੰ ਵਾਪਸ ਕਰਨ ਲਈ ਤੈਅ ਕੀਤਾ ਗਿਆ ਹੈ। ਇੱਕ ਕਾਲੇ ਜੋੜੇ ਵਿੱਲਾ ਅਤੇ ਚਾਰਲਸ ਬਰੂਸ ਨੇ 1912 ਵਿੱਚ ਮੈਨਹੱਟਨ ਬੀਚ 'ਤੇ ਜ਼ਮੀਨ ਖਰੀਦੀ ਸੀ ਪਰ ਕਈ ਸਾਲਾਂ ਬਾਅਦ ਉਨ੍ਹਾਂ ਦੀ ਜਾਇਦਾਦ ਨੂੰ ਸ਼ਹਿਰ ਦੁਆਰਾ ਜ਼ਬਤ ਕਰ ਲਿਆ ਸੀ। ਮੰਗਲਵਾਰ ਨੂੰ, ਲਾਸ ਏਂਜਲਸ ਕਾਉਂਟੀ ਬੋਰਡ ਸੁਪਰਵਾਈਜ਼ਰਾਂ ਨੇ ਵਿੱਲਾ ਅਤੇ ਚਾਰਲਸ ਬਰੂਸ ਦੇ ਉੱਤਰਾਧਿਕਾਰੀਆਂ ਨੂੰ ਇਹ ਜਾਇਦਾਦ ਵਾਪਿਸ ਕਰਨ ਲਈ 5-0 ਨਾਲ ਵੋਟ ਦਿੱਤੀ।
ਬਰੂਸ ਨੇ ਇਸ ਜ਼ਮੀਨ ਨੂੰ 1,225 ਡਾਲਰ ਵਿੱਚ ਖਰੀਦਿਆ ਸੀ, ਜਿਸ ਦੀ ਕੀਮਤ ਹੁਣ ਲੱਖਾਂ ਡਾਲਰ ਵਿੱਚ ਹੋ ਸਕਦੀ ਹੈ। ਉਨ੍ਹਾਂ ਨੇ ਕਾਲੇ ਵਸਨੀਕਾਂ ਦੀ ਸੇਵਾ ਲਈ ਬਰੂਸ ਬੀਚ ਵਜੋਂ ਜਾਣਿਆ ਜਾਣ ਵਾਲਾ ਇੱਕ ਰਿਜੋਰਟ ਬਣਾਇਆ ਸੀ। ਬਰੂਸ ਅਤੇ ਉਨ੍ਹਾਂ ਦੇ ਗ੍ਰਾਹਕਾਂ ਨੂੰ ਉਨ੍ਹਾਂ ਦੇ ਗੋਰੇ ਗੁਆਂਢੀਆਂ ਦੁਆਰਾ ਤੰਗ-ਪ੍ਰੇਸ਼ਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਧਮਕਾਇਆ ਗਿਆ ਸੀ। 1924 ਵਿੱਚ, ਮੈਨਹੱਟਨ ਬੀਚ ਸ਼ਹਿਰ ਨੇ ਇਸ ਜੋੜੀ ਨੂੰ ਆਪਣੀ ਜ਼ਮੀਨ ਨੂੰ ਪਾਰਕ ਵਿਚ ਬਦਲਣ ਲਈ ਮਜਬੂਰ ਕੀਤਾ ਅਤੇ 1929 ਵਿੱਚ ਜਾਇਦਾਦ ਜ਼ਬਤ ਕਰ ਲਈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਸਾਮਰਾਜ 'ਚ ਸ਼ਹੀਦ ਭਾਰਤੀ ਸੈਨਿਕਾਂ ਨਾਲ ਵਿਤਕਰਾ ਕੀਤੇ ਜਾਣ ਲਈ ਬ੍ਰਿਟੇਨ ਨੇ ਮੰਗੀ ਮੁਆਫ਼ੀ
ਹਾਲਾਂਕਿ, ਇਹ ਕਈ ਦਹਾਕਿਆਂ ਤੋਂ ਖਾਲੀ ਹੈ। ਮੰਗਲਵਾਰ ਦੀ ਵੋਟ ਤੋਂ ਬਾਅਦ, ਲਾਸ ਏਂਜਲਸ ਕਾਉਂਟੀ ਦਾ ਚੀਫ ਐਗਜ਼ੀਕਿਊਟਿਵ ਦਫਤਰ, ਬਰੂਸ ਪਰਿਵਾਰ ਨੂੰ ਜਾਇਦਾਦ ਵਾਪਿਸ ਕਰਨ ਲਈ ਇੱਕ ਯੋਜਨਾ ਅਤੇ ਸਮਾਂ ਰੇਖਾ ਨਾਲ 60 ਦਿਨਾਂ ਦੇ ਅੰਦਰ ਇੱਕ ਰਿਪੋਰਟ ਦਾਇਰ ਕਰੇਗਾ। ਲਾਸ ਏਂਜਲਸ ਕਾਉਂਟੀ ਲਾਈਫਗਾਰਡ ਟ੍ਰੇਨਿੰਗ ਹੈਡਕੁਆਟਰ ਇਸ ਸਮੇਂ ਜ਼ਮੀਨ 'ਤੇ ਸਥਿਤ ਹੈ। ਇਸ ਲਈ ਕਾਉਂਟੀ ਨੂੰ ਹੁਣ ਬਰੂਸ ਪਰਿਵਾਰ ਤੋਂ ਜਾਇਦਾਦ ਕਿਰਾਏ ਤੇ ਦੇਣ ਜਾਂ ਲਾਈਫਗਾਰਡ ਦੀ ਸਹੂਲਤ ਤਬਦੀਲ ਕਰਨ ਲਈ ਯੋਜਨਾਵਾਂ ਦਾ ਹੱਲ ਕਰਨਾ ਪਵੇਗਾ।
ਨੋਟ- ਅਮਰੀਕਾ ਵਿਚ ਜ਼ਬਤ ਹੋਈ ਜ਼ਮੀਨ ਕਾਲੇ ਮੂਲ ਦੇ ਪਰਿਵਾਰ ਨੂੰ ਹੋਵੇਗੀ ਵਾਪਿਸ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।