WHO ਚੀਨ ਦੇ ਹੱਥ ਦੀ ਕਠਪੁਤਲੀ ਹੈ : ਟਰੰਪ
Tuesday, May 19, 2020 - 10:44 AM (IST)

ਵਾਸ਼ਿੰਗਟਨ (ਭਾਸ਼ਾ)): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਸੰਗਠਨ (WHO) 'ਤੇ ਸੋਮਵਾਰ ਨੂੰ ਇਕ ਵਾਰ ਫਿਰ ਹਮਲਾ ਬੋਲਿਆ। ਟਰੰਪ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਇਹ ਸਿਹਤ ਬੌਡੀ ਚੀਨ ਦੇ ਹੱਥ ਦੀ ਕਠਪੁਤਲੀ ਹੈ। ਟਰੰਪ ਨੇ ਦਾਅਵਾ ਕੀਤਾ ਕਿ ਜੇਕਰ ਉਹਨਾਂ ਨੇ ਚੀਨ ਤੋਂ ਯਾਤਰਾ 'ਤੇ ਪਾਬੰਦੀ ਨਾ ਲਗਾਈ ਹੁੰਦੀ ਤਾਂ ਕੋਰੋਨਾਵਾਇਰਸ ਨਾਲ ਦੇਸ਼ ਵਿਚ ਹੋਰ ਜ਼ਿਆਦਾ ਮੌਤਾਂ ਹੋਈਆਂ ਹੁੰਦੀਆਂ ਜਿਸ ਦਾ ਸਿਹਤ ਏਜੰਸੀ ਨੇ ਵਿਰੋਧ ਕੀਤਾ ਸੀ।
ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨੂੰ ਕਿਹਾ,''ਵਿਸ਼ਵ ਸਿਹਤ ਸੰਗਠਨ ਚੀਨ ਦੇ ਹੱਥ ਦੀ ਕਠਪੁਤਲੀ ਹੈ। ਸਹੀ ਢੰਗ ਨਾਲ ਕਿਹਾ ਜਾਵੇ ਤਾਂ ਉਹ ਚੀਨ ਕੇਂਦਰਿਤ ਹੈ ਪਰ ਅਸਲ ਵਿਚ ਉਹ ਚੀਨ ਦੇ ਹੱਥ ਦੀ ਕਠਪੁਤਲੀ ਹੈ।'' ਟਰੰਪ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ,''ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਬਹੁਤ ਖਰਾਬ ਕੰਮ ਕੀਤਾ ਹੈ। ਅਮਰੀਕਾ ਉਹਨਾਂ ਨੂੰ ਹਰੇਕ ਸਾਲ 45 ਕਰੋੜ ਡਾਲਰ ਦਿੰਦਾ ਹੈ। ਚੀਨ ਉਹਨਾਂ ਨੂੰ ਸਾਲ ਵਿਚ 3.8 ਕਰੋੜ ਡਾਲਰ ਦਾ ਭੁਗਤਾਨ ਕਰਦਾ ਹੈ।'' ਟਰੰਪ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਜਨਵਰੀ ਦੇ ਅਖੀਰ ਵਿਚ ਚੀਨ ਤੋਂ ਯਾਤਰਾ 'ਤੇ ਪਾਬੰਦੀ ਲਗਾਏ ਜਾਣ ਦੇ ਵਿਰੁੱਧ ਸੀ।
ਉਹਨਾਂ ਨੇ ਕਿਹਾ,''ਵਿਸ਼ਵ ਸਿਹਤ ਸੰਗਠਨ ਇਸ ਦੇ ਵਿਰੁੱਧ ਸੀ। ਉਹ ਮੇਰੇ ਪਾਬੰਦੀ ਲਗਾਉਣ ਦੇ ਵਿਰੁੱਧ ਸਨ। ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਇਸ ਦੀ ਲੋੜ ਨਹੀਂ ਹੈ। ਇਹ ਬਹੁਤ ਜ਼ਿਆਦਾ ਹੈ ਅਤੇ ਸਖਤ ਹੈ ਪਰ ਉਹ ਗਲਤ ਸਾਬਤ ਹੋਏ।'' ਟਰੰਪ ਨੇ ਕਿਹਾ ਕਿ ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਵੀ ਇਸ ਪਾਬੰਦੀ ਦੇ ਵਿਰੁੱਧ ਸਨ। ਉਹਨਾਂ ਨੇ ਕਿਹਾ,''ਸੁਸਤ ਬਿਡੇਨ ਨੇ ਵੀ ਇਹੀ ਗੱਲ ਕਹੀ ਸੀ।'' ਉਹਨਾਂ ਨੇ ਕਿਹਾ ਕਿ ਮੈਂ ਵਿਦੇਸ਼ੀ ਲੋਕਾਂ ਨਾਲ ਨਫਰਤ ਕਰਦਾ ਹਾਂ। ਬਿਡੇਨ ਨੇ ਅਜਿਹਾ ਇਸ ਲਈ ਕਿਹਾ ਕਿਉਂਕਿ ਮੈਂ ਕਿਹਾ ਸੀ ਕਿ ਚੀਨ ਤੋਂ ਆਉਣ ਵਾਲੇ ਲੋਕ ਦੇਸ਼ ਵਿਚ ਦਾਖਲ ਨਹੀਂ ਹੋ ਸਕਦੇ। ਤੁਸੀਂ ਹੁਣ ਬਹੁਤ ਜਲਦੀ ਸਾਡੇ ਦੇਸ਼ ਵਿਚ ਦਾਖਲ ਨਹੀਂ ਹੋ ਸਕਦੇ ਅਤੇ ਬਿਡੇਨ ਨੇ ਕਿਹਾ ਕਿ ਮੈਂ ਬਾਗੀਆਂ ਨਾਲ ਨਫਰਤ ਕਰਦਾ ਹਾਂ।''
ਪੜ੍ਹੋ ਇਹ ਅਹਿਮ ਖਬਰ- ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਵੀਡੀਓ ਕਾਨਫਰਸਿੰਗ ਦੌਰਾਨ ਨਿਊਡ ਹੋ ਨਹਾਉਂਦਾ ਦਿਸਿਆ ਸ਼ਖਸ
ਟਰੰਪ ਨੇ ਕਿਹਾ,''ਜੇਕਰ ਮੈਂ ਪਾਬੰਦੀ ਨਾ ਲਗਾਈ ਹੁੰਦੀ ਤਾਂ ਇਸ ਦੇਸ਼ ਵਿਚ ਹਜ਼ਾਰਾਂ ਲੋਕਾਂ ਨੂੰ ਗਵਾ ਦਿੱਤਾ ਹੁੰਦਾ। ਇਹ ਬਹੁਤ ਮਹੱਤਵਪੂਰਣ ਪਾਬੰਦੀ ਸੀ। ਲੋਕ ਪਾਬੰਦੀ ਦੇ ਬਾਰੇ ਵਿਚ ਗੱਲ ਕਰਨਾ ਪਸੰਦ ਨਹੀਂ ਕਰਦੇ ਪਰ ਇਹ ਬਹੁਤ ਮਹੱਤਵਪੂਰਣ ਸੀ।'' ਟਰੰਪ ਨੇ ਦਾਅਵਾ ਕੀਤਾ ਕਿ ਉਹਨਾਂ ਨੂੰ ਛੱਡ ਕੇ ਕੋਈ ਨਹੀਂ ਚਾਹੁੰਦਾ ਸੀ ਕਿ ਇਹ ਪਾਬੰਦੀ ਲਗਾਈ ਜਾਵੇ।