USA : ਇਕ ਦਿਨ ''ਚ 1.31 ਲੱਖ ਕੋਰੋਨਾ ਮਰੀਜ਼ਾਂ ਨੂੰ ਹਸਪਤਾਲਾਂ ''ਚ ਕੀਤਾ ਗਿਆ ਦਾਖ਼ਲ
Thursday, Jan 07, 2021 - 11:45 AM (IST)
ਵਾਸ਼ਿੰਗਟਨ- ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ਵਿਚ ਇਕ ਦਿਨ ਵਿਚ ਰਿਕਾਰਡ 1.31 ਲੱਖ ਤੋਂ ਵੱਧ ਕੋਰੋਨਾ ਪੀੜਤਾਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ, ਉੱਥੇ ਹੀ ਇਸ ਦੇ ਵਾਇਰਸ ਪੀੜਤਾਂ ਦਾ ਅੰਕੜਾ 2.12 ਕਰੋੜ ਤੋਂ ਵੱਧ ਹੋ ਗਿਆ ਹੈ।
ਕੋਵਿਡ ਟ੍ਰੈਕਿੰਗ ਪ੍ਰਾਜੈਕਟ ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਏ 1,31,215 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮਰੀਜ਼ਾਂ ਦੀ ਰਿਕਾਰਡ ਗਿਣਤੀ ਨੂੰ ਦੇਖਦੇ ਹੋਏ ਫਾਈਜ਼ਰ ਅਤੇ ਮੋਡੇਰਨਾ ਦੀਆਂ ਵੱਧ ਤੋਂ ਵੱਧ ਵੈਕਸੀਨ ਦੀ ਸਪਲਾਈ ਵਿਚ ਤੇਜ਼ੀ ਲਿਆਉਣ ਲਈ ਸੂਬਾਈ ਤੇ ਸਥਾਨਕ ਪ੍ਰਸ਼ਾਸਨ 'ਤੇ ਦਬਾਅ ਵੱਧ ਗਿਆ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਟੀਕੇ ਲਾਏ ਜਾ ਰਹੇ ਹਨ। ਲੋਕਾਂ ਨੂੰ ਮਾਸਕ ਪਾ ਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਵਧੇਰੇ ਲੋਕ ਅਣਗਹਿਲੀ ਕਰਦੇ ਹਨ ਤੇ ਹੋਰਾਂ ਲਈ ਵੀ ਖ਼ਤਰਾ ਪੈਦਾ ਕਰ ਰਹੇ ਹਨ।
ਜੌਹਨ ਹਾਪਿੰਕਸ ਯੂਨੀਵਰਸਿਟੀ ਦੇ ਵਿਗਿਆਨ ਤੇ ਇੰਜੀਨੀਅਰ ਕੇਂਦਰ ਵਲੋਂ ਜਾਰੀ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 2 ਕਰੋੜ 12 ਲੱਖ ਅਤੇ 92 ਹਜ਼ਾਰ ਤੋਂ ਵੱਧ ਹੋ ਗਈ ਹੈ। ਅਮਰੀਕਾ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ ਵਿਸ਼ਵ ਵਿਚ ਸਭ ਤੋਂ ਵੱਧ ਹੈ।