ਭਾਰਤੀ IT ਪੇਸ਼ੇਵਰਾਂ ਲਈ ਚੰਗੀ ਖ਼ਬਰ, H-1ਬੀ ਵੀਜ਼ਾ ਬਿਨੈਕਾਰਾਂ ਲਈ ਅਮਰੀਕਾ ਨੇ ਲਿਆ ਅਹਿਮ ਫ਼ੈਸਲਾ
Friday, Jul 30, 2021 - 04:50 PM (IST)
ਵਾਸ਼ਿੰਗਟਨ (ਭਾਸ਼ਾ) : ਅਮਰੀਕੀ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸ (ਯੂ.ਐੱਸ.ਸੀ.ਆਈ.ਐੱਸ.) ਨੇ ਕਿਹਾ ਹੈ ਕਿ ਅਮਰੀਕਾ ਸਫ਼ਲ ਐਚ-1ਬੀ ਵੀਜ਼ਾ ਬਿਨੈਕਾਰਾਂ ਲਈ ਦੂਜੀ ਲਾਟਰੀ ਦਾ ਆਯੋਜਨ ਕਰੇਗਾ। ਇਸ ਫ਼ੈਸਲੇ ਨਾਲ ਸੈਂਕੜੇ ਭਾਰਤੀ ਆਈ.ਟੀ. ਪੇਸ਼ੇਵਰਾਂ ਨੂੰ ਦੂਜਾ ਮੌਕਾ ਮਿਲੇਗਾ, ਜੋ ਪਿੱਛਲੀ ਚੋਣ ਵਿਚ ਐਚ-1ਬੀ ਵੀਜ਼ਾ ਨਹੀਂ ਲੈ ਸਕੇ ਸਨ। ਯੂ.ਐੱਸ.ਸੀ.ਆਈ.ਐੱਸ. ਨੇ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਵਿਚ ਆਯੋਜਿਤ ਐਚ-1ਬੀ ਵੀਜ਼ਾ ਲਈ ਕੰਪਿਊਟਰਾਈਜ਼ਡ ਡਰਾਅ ਦੌਰਾਨ ਉਨ੍ਹਾਂ ਨੂੰ ਕਾਂਗਰਸ ਤੋਂ ਮਨਜ਼ੂਰਸ਼ੁਦਾ ਐੱਚ-1ਬੀ ਵੀਜ਼ਾ ਪ੍ਰਾਪਤ ਨਹੀਂ ਹੋਏ ਸਨ। ਇਸ ਲਈ ਦੂਜੇ ਡਰਾਅ ਦਾ ਫ਼ੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ: ਜੈਸ਼ੰਕਰ ਦੀ ਪਾਕਿ ਨੂੰ ਚਿਤਾਵਨੀ, ਕਿਹਾ- ਭਾਰਤ ਤੇ ਅਮਰੀਕਾ ਅੱਤਵਾਦ ਦਾ ਮੁਕਾਬਲਾ ਕਰਨ ਲਈ ਇਕਜੁੱਟ
ਐੱਚ-1ਬੀ ਵੀਜ਼ਾ ਇਕ ਗੈਰ-ਅਪ੍ਰਵਾਸੀ ਵੀਜ਼ਾ ਹੈ, ਜਿਸ ਦੀ ਮਦਦ ਨਾਲ ਅਮਰੀਕੀ ਕੰਪਨੀਆਂ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਜ਼ਰੂਰਤ ਵਾਲੇ ਖ਼ਾਸ ਕਿੱਤਿਆਂ ਵਿਚ ਵਿਦੇਸ਼ੀ ਕਾਮਿਆਂ ਨੂੰ ਨੌਕਰੀਆਂ ’ਤੇ ਰੱਖਦੀਆਂ ਹਨ। ਤਕਨਾਲੋਜੀ ਕੰਪਨੀਆਂ ਹਰ ਸਾਲ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਜ਼ਾਰਾਂ ਲੋਕਾਂ ਨੂੰ ਨਿਯੁਕਤ ਕਰਨ ਲਈ ਇਸ ਵੀਜ਼ਾ ’ਤੇ ਨਿਰਭਰ ਕਰਦੀਆਂ ਹਨ। ਯੂ.ਐੱਸ.ਸੀ.ਆਈ.ਐੱਸ. ਨੇ ਇਕ ਬਿਆਨ ਵਿਚ ਕਿਹਾ, ‘ਅਸੀਂ ਹਾਲ ਹੀ ਵਿਚ ਤੈਅ ਕੀਤਾ ਕਿ ਸਾਨੂੰ ਵਿੱਤੀ ਸਾਲ 2022 ਦੇ ਸੰਖਿਆਤਮਕ ਅਲਾਟਮੈਂਟ ਤੱਕ ਪਹੁੰਚਣ ਲਈ ਵਾਧੂ ਰਜਿਸਟ੍ਰੇਸ਼ਨਾਂ ਦੀ ਚੋਣ ਕਰਨ ਦੀ ਜ਼ਰੂਰਤ ਹੈ।’ ਨਵੇਂ ਡਰਾਅ ਲਈ ਅਰਜ਼ੀਆਂ 2 ਅਗਸਤ ਤੋਂ 3 ਨਵੰਬਰ ਤੱਕ ਦਿੱਤੀਆਂ ਜਾ ਸਕਣਗੀਆਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।