ਅਮਰੀਕਾ ਨੇ 2022 ''ਚ ਪਾਕਿਸਤਾਨ ਨੂੰ ਦਿੱਤੀ ਛੇ ਕਰੋੜ ਡਾਲਰ ਦੀ ਮਦਦ
Sunday, Jan 08, 2023 - 11:17 AM (IST)
ਵਾਸ਼ਿੰਗਟਨ- ਅਮਰੀਕਾ ਨੇ ਪਾਕਿਸਤਾਨ ਵਿੱਚ ਰਹਿ ਰਹੇ ਅਫਗਾਨ ਸ਼ਰਨਾਰਥੀਆਂ ਅਤੇ ਪਾਕਿਸਤਾਨੀ ਮੇਜ਼ਬਾਨ ਭਾਈਚਾਰਿਆਂ ਲਈ ਮਨੁੱਖੀ ਸਹਾਇਤਾ ਦੇ ਰੂਪ 'ਚ 2022 ਦੇ ਦੌਰਾਨ 6 ਕਰੋੜ ਅਮਰੀਕੀ ਡਾਲਰ ਦੀ ਰਾਸ਼ੀ ਪ੍ਰਦਾਨ ਕੀਤੀ ਹੈ। ਅਮਰੀਕੀ ਰਾਜਦੂਤ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸਲਾਮਾਬਾਦ ਸਥਿਤ ਅਮਰੀਕੀ ਦੂਤਾਵਾਸ ਨੇ ਅਮਰੀਕੀ ਰਾਜਦੂਤ ਡੋਨਾਲਡ ਬਲੋਮ ਦਾ ਹਵਾਲਾ ਦਿੰਦੇ ਹੋਏ ਇਕ ਬਿਆਨ 'ਚ ਕਿਹਾ, ''ਅਮਰੀਕਾ ਨੇ ਇਕੱਲੇ ਵਿੱਤੀ ਸਾਲ 2022 'ਚ ਸ਼ਰਨਾਰਥੀਆਂ ਅਤੇ ਮੇਜ਼ਬਾਨ ਭਾਈਚਾਰਿਆਂ ਨੂੰ ਲਗਭਗ ਛੇ ਕਰੋੜ ਅਮਰੀਕੀ ਡਾਲਰ (13 ਅਰਬ ਪਾਕਿਸਤਾਨੀ ਰੁਪਏ) ਦੀ ਮਦਦ ਪ੍ਰਦਾਨ ਕੀਤੀ ਹੈ।
ਬਲੋਮ ਨੇ ਇਹ ਵੀ ਕਿਹਾ ਕਿ ਅਮਰੀਕਾ ਨੇ 2002 ਤੋਂ ਅਫਗਾਨ ਸ਼ਰਨਾਰਥੀਆਂ ਲਈ ਦੋ ਅਰਬ 73 ਕਰੋੜ ਅਮਰੀਕੀ ਡਾਲਰ (ਲਗਭਗ 62 ਅਰਬ ਪਾਕਿਸਤਾਨੀ ਰੁਪਏ) ਤੋਂ ਵੱਧ ਦੀ ਸਹਾਇਤਾ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਅਫਗਾਨ ਸ਼ਰਨਾਰਥੀਆਂ ਦੀ ਉਦਾਰਤਾ ਨਾਲ ਮੇਜ਼ਬਾਨੀ ਕਰਨ ਲਈ ਪਾਕਿਸਤਾਨ ਨੂੰ ਧੰਨਵਾਦ ਕੀਤਾ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਅਮਰੀਕੀ ਸਹਾਇਤਾ ਨਾਲ ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਦੇ ਸਕੂਲਾਂ ਵਿਚ ਦਾਖਲ ਹੋਣ ਵਾਲੇ ਅਫਗਾਨ ਅਤੇ ਪਾਕਿਸਤਾਨੀ ਬੱਚਿਆਂ ਦੀ ਗਿਣਤੀ ਵਧ ਰਹੀ ਹੈ।
ਅਫਗਾਨਾਂ ਦੀ ਮੇਜ਼ਬਾਨੀ ਵਾਲੇ ਪਾਕਿਸਤਾਨੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਅਤੇ ਪੋਸ਼ਣ ਪ੍ਰੋਗਰਾਮਾਂ ਵਿੱਚ ਸੁਧਾਰ ਹੋ ਰਿਹਾ ਹੈ; ਸ਼ਰਨਾਰਥੀਆਂ ਅਤੇ ਮੇਜ਼ਬਾਨ ਭਾਈਚਾਰਿਆਂ ਲਈ ਰੋਜ਼ੀ-ਰੋਟੀ ਦੀਆਂ ਗਤੀਵਿਧੀਆਂ ਨੂੰ ਵਾਧਾ ਮਿਲ ਰਿਹਾ ਹੈ; ਪਾਣੀ, ਸੈਨੀਟੇਸ਼ਨ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋ ਰਿਹਾ ਹੈ; ਅਤੇ ਕੋਵਿਡ-19 ਮਹਾਂਮਾਰੀ ਦੇ ਸਿਹਤ ਅਤੇ ਆਰਥਿਕ ਪ੍ਰਭਾਵਾਂ ਤੋਂ ਉਭਰਨ ਵਿੱਚ ਮਦਦ ਮਿਲ ਰਹੀ ਹੈ।