ਅਮਰੀਕਾ ਨੇ ਯੂਕ੍ਰੇਨੀ ਪਰਿਵਾਰ ਨੂੰ ਦੇਸ਼ ''ਚ ਸ਼ਰਨ ਲੈਣ ਦੀ ਦਿੱਤੀ ਇਜਾਜ਼ਤ
Friday, Mar 11, 2022 - 12:04 PM (IST)
ਤਿਜੁਆਨਾ (ਏਜੰਸੀ): ਅਮਰੀਕੀ ਅਧਿਕਾਰੀਆਂ ਨੇ ਵੀਰਵਾਰ ਨੂੰ ਇੱਕ ਯੂਕ੍ਰੇਨੀ ਔਰਤ ਅਤੇ ਉਸਦੇ ਤਿੰਨ ਬੱਚਿਆਂ ਨੂੰ ਦੇਸ਼ ਵਿੱਚ ਸ਼ਰਨ ਲੈਣ ਦੀ ਇਜਾਜ਼ਤ ਦਿੱਤੀ। ਬੁੱਧਵਾਰ ਨੂੰ ਔਰਤ ਨੂੰ ਬਾਈਡੇਨ ਪ੍ਰਸ਼ਾਸਨ ਦੀਆਂ ਵਿਆਪਕ ਪਾਬੰਦੀਆਂ ਦੇ ਤਹਿਤ ਅਮਰੀਕਾ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਵੀਰਵਾਰ ਨੂੰ ਇੱਕ 34 ਸਾਲ ਦੀ ਔਰਤ ਅਤੇ ਉਸਦੇ ਤਿੰਨ ਬੱਚੇ 6, 12 ਅਤੇ 14 ਸਾਲ ਦੇ ਸੈਨ ਡਿਏਗੋ ਵਿੱਚ ਸਾਰੀਆਂ ਰਸਮਾਂ ਪੂਰੀਆਂ ਕਰਨ ਲਈ ਦਾਖਲ ਹੋਏ।
ਇਸ ਤੋਂ ਪਹਿਲਾਂ ਸੰਸਦ ਵਿੱਚ ਬਹੁਮਤ ਨੇਤਾ ਚੱਕ ਸ਼ੂਮਰ ਸਮੇਤ ਡੈਮੋਕਰੇਟਿਕ ਪਾਰਟੀ ਦੇ ਸੰਸਦ ਮੈਂਬਰਾਂ ਨੇ ਅਮਰੀਕਾ ਵਿੱਚ ਔਰਤ ਨੂੰ ਸ਼ਰਨ ਦੇਣ ਤੋਂ ਇਨਕਾਰ ਕਰਨ ਦੇ ਬਾਈਡੇਨ ਪ੍ਰਸ਼ਾਸਨ ਦੇ ਫ਼ੈਸਲੇ ਦੀ ਆਲੋਚਨਾ ਕੀਤੀ। ਸੈਂਟਰ ਫਾਰ ਜੈਂਡਰ ਐਂਡ ਰਿਫਿਊਜੀ ਸਟੱਡੀਜ਼ ਦੇ ਕਾਨੂੰਨ ਨਿਰਦੇਸ਼ਕ ਬਲੇਨ ਬੂਚੇ ਜਦੋਂ ਬੁੱਧਵਾਰ ਨੂੰ ਤਿਜੁਆਨਾ ਤੋਂ ਸੈਨ ਡਿਏਗੋ ਪਰਤ ਰਹੀ ਸੀ, ਉਦੋਂ ਉਹਨਾਂ ਨੇ ਯੂਕ੍ਰੇਨੀ ਔਰਤ ਅਤੇ ਉਸਦੇ ਬੱਚਿਆਂ ਨੂੰ ਰੋਂਦੇ ਹੋਏ ਦੇਖਿਆ। ਚਾਰੋਂ ਉਸ ਸਮੇਂ ਬਹੁਤ ਚਿੰਤਤ ਲੱਗ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ - ਟਰੂਡੋ ਦਾ ਵੱਡਾ ਬਿਆਨ, ਕਿਹਾ-ਵੱਧ ਤੋਂ ਵੱਧ ਯੂਕ੍ਰੇਨੀ ਲੋਕਾਂ ਨੂੰ ਦੇਸ਼ 'ਚ ਦੇਵਾਂਗੇ ਸ਼ਰਨ
ਬੁਕੇ ਹੈਤੀ ਪ੍ਰਵਾਸੀਆਂ ਦੀ ਮਦਦ ਕਰਨ ਲਈ ਤਿਜੁਆਨਾ ਗਈ ਸੀ। ਉਹਨਾਂ ਦੇ ਟਵੀਟਸ ਅਤੇ ਸੰਬੰਧਿਤ ਮੀਡੀਆ ਰਿਪੋਰਟਾਂ ਨੇ ਕੋਵਿਡ-19 ਫੈਲਣ ਨੂੰ ਰੋਕਣ ਦੀ ਜ਼ਰੂਰਤ ਦਾ ਹਵਾਲਾ ਦਿੰਦੇ ਹੋਏ, ਪਨਾਹ ਮੰਗਣ ਵਾਲਿਆਂ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਦੇਣ ਤੋਂ ਇਨਕਾਰ ਕਰਨ ਦੇ ਪਿਛਲੇ ਟਰੰਪ ਪ੍ਰਸ਼ਾਸਨ ਦੇ ਆਦੇਸ਼ ਦੀ ਦੁਬਾਰਾ ਆਲੋਚਨਾ ਕੀਤੀ। ਇਹ ਹੁਕਮ 'ਟਾਈਟਲ 42' ਵਜੋਂ ਜਾਣਿਆ ਜਾਂਦਾ ਹੈ। ਵਧਦੀ ਆਲੋਚਨਾ ਦੇ ਵਿਚਕਾਰ, ਬਾਈਡੇਨ ਪ੍ਰਸ਼ਾਸਨ ਨੇ ਆਪਣੇ ਫ਼ੈਸਲੇ ਨੂੰ ਉਲਟਾ ਦਿੱਤਾ, ਆਖਰਕਾਰ ਯੂਕ੍ਰੇਨੀ ਔਰਤ ਅਤੇ ਉਸਦੇ ਬੱਚਿਆਂ ਨੂੰ ਅਮਰੀਕਾ ਵਿੱਚ ਸ਼ਰਨ ਦੀ ਆਗਿਆ ਦਿੱਤੀ ਗਈ।