ਅਮਰੀਕਾ ਨੇ 5 ਚੀਨੀ ਨਾਗਰਿਕਾਂ ''ਤੇ ਗਲੋਬਲ ਹੈਕਿੰਗ ਦਾ ਲਗਾਇਆ ਦੋਸ਼
Saturday, Sep 19, 2020 - 09:12 PM (IST)
ਵਾਸ਼ਿੰਗਟਨ : ਅਮਰੀਕੀ ਨਿਆਂ ਵਿਭਾਗ ਨੇ ਬੁੱਧਵਾਰ ਨੂੰ ਸੰਯੁਕਤ ਰਾਜ ਅਮਰੀਕਾ ਅਤੇ ਹੋਰ ਕਈ ਦੇਸ਼ਾਂ 'ਚ 100 ਤੋਂ ਜ਼ਿਆਦਾ ਕੰਪਨੀਆਂ ਅਤੇ ਸੰਸਥਾਵਾਂ ਨੂੰ ਹੈਕ ਕਰਨ ਦਾ ਦੋਸ਼ ਪੰਜ ਚੀਨੀ ਨਾਗਰਿਕਾਂ 'ਤੇ ਲਗਾਇਆ ਹੈ। ਇਸ 'ਚ ਕਈ ਭਾਰਤ ਸਰਕਾਰ ਦੇ ਸੰਸਥਾਨ ਅਤੇ ਕੰਪਨੀਆਂ ਵੀ ਹਨ ਜਿਨ੍ਹਾਂ ਤੋਂ ਮਹੱਤਵਪੂਰਣ ਡਾਟਾ ਅਤੇ ਖੁਫੀਆ ਵਪਾਰਕ ਜਾਣਕਾਰੀ ਚੁਰਾ ਲਈ ਗਈ ਸੀ।
ਅਮਰੀਕਾ ਦੇ ਡਿਪਟੀ ਅਟਾਰਨੀ ਜਰਨਲ ਜੈਫਰੀ ਰੋਸੇਨ ਨੇ ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ 5 'ਚੋਂ 3 ਚੀਨੀ ਨਾਗਰਿਕਆਂ ਨੂੰ ਗਲੋਬਲ ਹੈਕਿੰਗ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਤਾਂ ਉਥੇ ਹੀ 2 ਮਲੇਸ਼ਿਆਈ ਨਾਗਰਿਕਾਂ ਨੂੰ ਇਨ੍ਹਾਂ ਤਿੰਨਾਂ ਦੀ ਮਦਦ ਅਤੇ ਡਾਟਾ ਭੇਜਣ ਦੇ ਮਾਮਲੇ 'ਚ ਦੋਸ਼ੀ ਐਲਾਨ ਕੀਤਾ ਗਿਆ ਹੈ। ਦੋਸ਼ੀਆਂ 'ਤੇ ਵਿਸ਼ਵ ਦੀਆਂ ਵੱਡੀਆਂ ਸੋਸ਼ਲ ਮੀਡੀਆ ਕੰਪਨੀਆਂ, ਵੀਡੀਓ ਗੇਮ ਕੰਪਨੀਆਂ, ਯੂਨੀਵਰਸਿਟੀ ਅਤੇ ਦੂਰਸੰਚਾਰ ਕੰਪਨੀਆਂ ਦੇ ਡਾਟਾ ਨੂੰ ਚੋਰੀ ਕਰਨ ਦਾ ਦੋਸ਼ ਹੈ। ਇਨ੍ਹਾਂ ਨੇ ਭਾਰਤ ਦੀਆਂ ਵੀ ਵੱਡੀਆਂ ਸਰਕਾਰੀ ਕੰਪਨੀਆਂ ਦਾ ਡਾਟਾ ਚੋਰੀ ਕੀਤਾ ਹੈ। ਫਿਲਹਾਲ ਅਜੇ ਭਾਰਤ ਸਰਕਾਰ ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ।