ਅਮਰੀਕੀ ਤੇ ਆਸਟਰੇਲੀਆਈ ਵਿਗਿਆਨੀਆਂ ਨੇ ਜਗਾਈ ਉਮੀਦ, ਕਿਹਾ-ਕੋਰੋਨਾ ਨੂੰ ਜੜ੍ਹੋਂ ਖਤਮ ਕਰੇਗੀ ਇਹ ਦਵਾਈ

Monday, May 24, 2021 - 06:51 PM (IST)

ਇੰਟਰਨੈਸ਼ਨਲ ਡੈਸਕ : ਕੋਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਨੂੰ ਆਪਣੀ ਲਪੇਟ ’ਚ ਲਿਆ ਹੋਇਆ ਹੈ ਤੇ ਇਸ ਦੇ ਵਾਇਰਸ ਤੋਂ ਪੀੜਤ ਲੋਕਾਂ ਦੀਆਂ ਮੌਤਾਂ ਦਾ ਸਿਲਸਿਲਾ ਜਾਰੀ ਹੈ। ਭਾਵੇਂ ਇਸ ਵਾਇਰਸ ਨੂੰ ਲੈ ਕੇ ਕਈ ਵੈਕਸੀਨ ਆਈਆਂ ਹਨ ਪਰ ਇਸ ਦਾ ਪੱਕਾ ਹੱਲ ਅਜੇ ਵਿਗਿਆਨਕਾਂ ਨੇ ਨਹੀਂ ਖੇਜਿਆ ਹੈ। ਹਾਲ ਹੀ ’ਚ ਆਸਟਰੇਲੀਆਈ ਤੇ ਅਮਰੀਕੀ ਵਿਗਿਆਨਕਾਂ ਵੱਲੋਂ ਕੀਤੀ ਗਈ ਖੋਜ ਦੇ ਨਤੀਜਿਆਂ ਨੇ ਕੋਰੋਨਾ ਤੋਂ ਛੁਟਕਾਰਾ ਪਾਉਣ ਦੀ ਉਮੀਦ ਜਗਾਈ ਹੈ। ਆਸਟਰੇਲੀਆ ਦੇ ਕੁਈਨਜ਼ਲੈਂਡ ਸਥਿਤ ਗ੍ਰੀਫਿਥ ਯੂਨੀਵਰਸਿਟੀ ਦੇ ਮੈਂਡਿਸ ਹੈਲਥ ਇੰਸਟੀਚਿਊਟ ਤੇ ਸਿਟੀ ਆਫ ਹੋਪ ਰਿਸਰਚ ਐਂਡ ਟਰੀਟਮੈਂਟ ਸੈਂਟਰ ਨੇ ਇਕ ਕ੍ਰਾਂਤੀਕਾਰੀ ਥੈਰੇਪੀ ਨੂੰ ਇਜਾਦ ਕੀਤਾ ਹੈ। ਇਸ ਦੀ ਮਦਦ ਨਾਲ ਕੋਰੋਨਾ ਵਾਇਰਸ ਨੂੰ ਟਾਰਗੈੱਟ ਕਰ ਕੇ ਪੂਰੀ ਤਰ੍ਹਾਂ ਨਾਲ ਖਤਮ ਕੀਤਾ ਜਾ ਸਕਦਾ ਹੈ। ਰਿਸਰਚ ਟੀਮ ਦੀ ਅਗਵਾਈ ਕਰਨ ਵਾਲੇ ਵਿਗਿਆਨਿਕ ਨਾਈਜੇਲ ਮੈਕਮਿਲਨ ਅਨੁਸਾਰ ਆਰ. ਏ. ਐੱਨ. ਏ. ਤਕਨੀਕ ਰਾਹੀਂ ਸਰੀਰ ’ਚ ਵੜਨ ਵਾਲੇ 99.9 ਫੀਸਦੀ ਵਾਇਰਸ ਨੂੰ ਜੜ੍ਹੋਂ ਖਤਮ ਕੀਤਾ ਗਿਆ। ਰਿਸਰਚ ’ਚ ਸ਼ਾਮਲ ਪ੍ਰੋਫੈਸਰ ਕੇਵਿਨ ਮੋਰਿਸ ਦਾ ਕਹਿਣਾ ਹੈ ਕਿ ਇਸ ਇਲਾਜ ਨਾਲ ਸਿਰਫ ਕੋਰੋਨਾ ਹੀ ਨਹੀਂ ਬਲਕਿ ਭਵਿੱਖ ’ਚ ਹੋਣ ਵਾਲੇ ਕਿਸੇ ਤਰ੍ਹਾਂ ਦੇ ਵਾਇਰਸ ਜਾਂ ਉਸ ਦੇ ਨਵੇਂ ਵੇਰੀਐਂਟ ਦਾ ਪੂਰੀ ਤਰ੍ਹਾਂ ਇਲਾਜ ਹੋਵੇਗਾ।

ਇਸ ਥੈਰੇਪੀ ਨੂੰ ਇਜਾਦ ਕਰਨ ਵਾਲੇ ਵਿਗਿਆਨਕਾਂ ਨੇ ਜੀਨ ’ਤੇ ਨਿਸ਼ਾਨਾ ਲਾਉਣ ਵਾਲੀ ਜੀਨ ਸਾਈਲੈਂਸਿੰਗ ਤਕਨੀਕ ਦੀ ਵਰਤੋਂ ਕੀਤੀ ਹੈ। ਜੀਨ ਸਾਈਲੈਂਸਿੰਗ ਤਕਨੀਕ 90 ਦੇ ਦਹਾਕੇ ’ਚ ਆਸਟਰੇਲੀਆ ਦੇ ਪੌਦਿਆਂ ’ਚ ਖੋਜੀ ਗਈ ਸੀ। ਇਸ ਤਕਨੀਕ ਰਾਹੀਂ ਵਾਇਰਸ ਦੇ ਜੀਨੋਮ ਨੂੰ ਖਤਮ ਕੀਤਾ ਜਾਂਦਾ ਹੈ। ਇਸ ਤਕਨੀਕ ਤੋਂ ਬਣਾਈ ਗਈ ਦਵਾਈ ਨੂੰ ਸਿਰਫ 4 ਡਿਗਰੀ ਸੈਲਸੀਅਸ ਤਾਪਮਾਨ ’ਚ ਸਟੋਰ ਕੀਤਾ ਜਾ ਸਕਦਾ ਹੈ। ਪ੍ਰੋਫੈਸਰ ਮੋਰਿਸ ਕਹਿੰਦੇ ਹਨ ਕਿ ਇਸ ਤਕਨੀਕ ਨਾਲ ਬਣੇ ਇੰਜੈਕਸ਼ਨ ਗੰਭੀਰ ਰੋਗੀਆਂ ਨੂੰ 4 ਤੋਂ 5 ਦਿਨ ’ਚ ਠੀਕ ਕਰ ਦਿੰਦੇ ਹਨ। ਨਤੀਜੇ ਕਾਫੀ ਉਤਸ਼ਾਹ-ਵਧਾਊ ਹਨ ਪਰ ਕਲੀਨਿਕਲ ਟ੍ਰਾਇਲ ਪੂਰੇ ਹੁੰਦੇ ਹੁੰਦੇ ਇਸ ਨੂੰ ਦੋ ਸਾਲ ਲੱਗ ਸਕਦੇ ਹਨ।

ਇਸ ਥੈਰੇਪੀ ’ਚ ਦਵਾਈ ਸਿੱਧੇ ਮਰੀਜ਼ ਦੇ ਫੇਫੜਿਆਂ ’ਚ ਪਹੁੰਚਾਈ ਜਾਂਦੀ ਹੈ। ਇਹ ਦਵਾਈ ਫੇਫੜਿਆਂ ’ਚ ਪਹੁੰਚ ਕੇ ਕੋਰੋਨਾ ਦੇ ਜੀਨੋਮ ਨੂੰ ਮਾਰ ਕੇ ਵਾਇਰਸ ਨੂੰ ਵਧਣ ਤੋਂ ਰੋਕਦੀ ਹੈ। ਨਤੀਜੇ ਵਜੋਂ ਐਂਟੀ ਬਾਡੀਜ਼ ਸੈੱਲਜ਼ ਵਾਇਰਸ ਨੂੰ ਖਤਮ ਕਰ ਦਿੰਦੇ ਹਨ। ਇਸ ਥੈਰੇਪੀ ਨੂੰ ਡਾਇਰੈਕਟ ਐਕਟਿੰਗ ਐਂਟੀ ਵਾਇਰਲ ਥੈਰੇਪੀ ਕਿਹਾ ਗਿਆ ਹੈ।


Manoj

Content Editor

Related News