ਕੈਨੇਡੀਅਨ ਜਹਾਜ਼ 'ਚ ਸ਼ਰਾਬੀ ਨੇ ਕੀਤੀਆਂ ਅਜਿਹੀਆਂ ਹਰਕਤਾਂ ਕਿ ਕਰਨੀ ਪਈ ਐਮਰਜੈਂਸੀ ਲੈਂਡਿੰਗ

Thursday, Oct 26, 2017 - 03:39 PM (IST)

ਫੋਰਟ ਮੈਕਮਰੀ, (ਬਿਊਰੋ)—ਜਹਾਜ਼ 'ਚ ਸਫਰ ਦੌਰਾਨ ਸ਼ਰਾਬੀਆਂ ਦੀਆਂ ਪੁੱਠੀਆਂ ਹਰਕਤਾਂ ਕਾਰਨ ਜਹਾਜ਼ ਕਰੂ ਅਤੇ ਹੋਰ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਸੋਮਵਾਰ ਨੂੰ ਕੈਨੇਡਾ 'ਚ ਵੀ ਦੇਖਣ ਨੂੰ ਮਿਲਿਆ। ਜਾਣਕਾਰੀ ਮੁਤਾਬਕ ਇੱਕ ਸ਼ਰਾਬੀ ਦੀਆਂ ਗਲਤ ਹਰਕਤਾਂ ਕਾਰਨ ਵੈਸਟਜੈੱਟ ਦੇ ਇੱਕ ਜਹਾਜ਼ ਨੂੰ ਫੋਰਟ ਮੈਕਮਰੀ ਉਤਾਰਿਆ ਗਿਆ। ਉੱਤਰੀ ਅਲਬਰਟਾ ਦੀ ਪੁਲਸ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਜਹਾਜ਼ ਨੇ ਕੈਲਗਰੀ ਤੋਂ ਯੈਲੋਨਾਈਫ ਜਾਣ ਲਈ ਉਡਾਣ ਭਰੀ ਸੀ ਪਰ ਸ਼ਰਾਬ ਦੇ ਨਸ਼ੇ 'ਚ ਬੇਕਾਬੂ ਸ਼ਰਾਬੀ ਨੇ ਜਹਾਜ਼ 'ਚ ਅੱਤ ਚੁੱਕ ਦਿੱਤੀ। ਮੈਕਮਰੀ 'ਚ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਅਤੇ ਇਸ ਸ਼ਰਾਬੀ ਨੂੰ ਪੁਲਸ ਹਵਾਲੇ ਕਰਕੇ ਜਹਾਜ਼ ਆਪਣੀ ਮੰਜ਼ਲ ਵੱਲ ਵਧਿਆ।
ਇਸੇ ਜਹਾਜ਼ (ਉਡਾਣ 3177) 'ਚ ਯਾਤਰਾ ਕਰਨ ਵਾਲੇ ਬ੍ਰੇਅ ਮਰਨੀਕਲ ਨਾਂ ਦੇ ਵਿਅਕਤੀ ਨੇ ਫੇਸਬੁੱਕ ਪੇਜ ਉੱਤੇ ਇਸ ਘਟਨਾ ਬਾਰੇ ਦੱਸਿਆ। ਉਸ ਨੇ ਲਿਖਿਆ ਕਿ ਸ਼ਰਾਬੀ ਵਿਅਕਤੀ ਨੇ ਇੱਕ ਔਰਤ ਉੱਤੇ ਹਮਲਾ ਕੀਤਾ ਤੇ ਆਪਣਾ ਫੋਨ ਫਲਾਈਟ ਅਟੈਂਡੈਂਟ ਉੱਤੇ ਸੁੱਟਿਆ। ਸ਼ਰਾਬੀ ਰੌਲਾ ਪਾ ਰਿਹਾ ਸੀ ਤੇ ਪ੍ਰਧਾਨ ਮੰਤਰੀ ਨੂੰ ਕੋਸ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਕਿਸ ਤਰ੍ਹਾਂ ਉਹ ਸਾਰੇ ਹੀ ਨਰਕ ਜਾ ਰਹੇ ਹਨ। ਸਾਰਿਆਂ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਾਬੂ ਤੋਂ ਬਾਹਰ ਹੀ ਰਿਹਾ। ਦੋ ਹੋਰ ਯਾਤਰੀ ਵੀ ਸ਼ਰਾਬ ਪੀ ਰਹੇ ਸਨ ਤੇ ਉਨ੍ਹਾਂ ਵੀ ਜਦੋਂ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਵੀ ਉਤਰ ਜਾਣ ਲਈ ਕਿਹਾ ਗਿਆ। ਫਿਲਹਾਲ ਇਸ ਮਾਮਲੇ ਦੀ ਜਾਂਚ ਕੈਨੇਡਾ ਆਵਾਜਾਈ ਵਲੋਂ ਕੀਤੀ ਜਾ ਰਹੀ ਹੈ।


Related News