ਬੁਰਾ ਅਨੁਭਵ ਭੁਲਾਉਣ ਜਾਂ ਚੰਗਾ ਅਨੁਭਵ ਯਾਦ ਰੱਖਣ ਲਈ ਡੂੰਘੀ ਨੀਂਦ ਜ਼ਰੂਰੀ

10/15/2018 11:04:29 AM

ਵਾਸ਼ਿੰਗਟਨ (ਏਜੰਸੀ)— ਮੈਸਾਚੁਸੇਟਸ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਨੀਂਦ ਤੇ ਇਕ ਰਿਸਰਚ ਕੀਤਾ। ਇਸ ਰਿਸਰਚ ਮੁਤਾਬਕ ਜੇ ਤੁਸੀਂ ਕੋਈ ਬੁਰੀ ਯਾਦ ਭੁਲਾਉਣੀ ਹੋਵੇ ਜਾਂ ਕੋਈ ਚੰਗੀ ਗੱਲ ਯਾਦ ਰੱਖਣੀ ਹੈ ਤਾਂ ਥੋੜ੍ਹੀ ਦੇਰ ਲਈ ਤੁਹਾਨੂੰ ਸੌਂ ਜਾਣਾ ਚਾਹੀਦਾ ਹੈ। ਰਿਸਰਚ ਵਿਚ ਪਤਾ ਚੱਲਿਆ ਹੈ ਕਿ ਜੇ ਕਿਸੇ ਵਿਅਕਤੀ ਨੂੰ ਬੁਰਾ ਅਨੁਭਵ ਹੋਇਆ ਹੈ, ਕਿਸੇ ਨਾਲ ਝਗੜਾ ਹੋਇਆ ਹੈ ਜਾਂ ਉਸ ਦਾ ਦਿੱਲ ਟੁੱਟਿਆ ਹੈ ਤਾਂ ਘਟਨਾ ਦੇ 15 ਤੋਂ 20 ਘੰਟੇ ਦੇ ਅੰਦਰ ਉਸ ਨੂੰ ਡੂੰਘੀ ਨੀਂਦ ਲੈਣੀ ਚਾਹੀਦੀ ਹੈ। ਇਸ ਨਾਲ ਉਸ ਕੌੜੇ ਅਨੁਭਵ ਨੂੰ ਭੁੱਲਣ ਵਿਚ ਮਦਦ ਮਿਲਦੀ ਹੈ। ਯੂਨੀਵਰਸਿਟੀ ਦੀ ਨਿਊਰੋਸਾਇੰਟਿਸਟ ਰੇਬੇਕਾ ਸਪੈਂਸਰ ਦੀ ਅਗਵਾਈ ਵਿਚ ਨੀਂਦ 'ਤੇ ਇਹ ਸ਼ੋਧ ਕੀਤਾ ਗਿਆ। ਜਿਸ ਦਾ ਨਤੀਜਾ ਨਿਕਲਿਆ ਕਿ ਚੰਗੀ ਨੀਂਦ ਲੈਣ 'ਤੇ ਇਨਸਾਨ ਆਪਣੀ ਗੱਲ ਨੂੰ ਬਿਹਤਰ ਤਰੀਕੇ ਨਾਲ ਰੱਖ ਪਾਉਂਦਾ ਹੈ। ਭਾਵੇਂ ਉਹ ਦਫਤਰ ਨਾਲ ਜੁੜੀ ਗੱਲ ਹੋਵੇ, ਘਰ-ਪਰਿਵਾਰ ਨਾਲ ਜਾਂ ਪਿਆਰ ਸਬੰਧਾਂ ਨਾਲ ਜੁੜੀ ਗੱਲਬਾਤ ਹੋਵੇ। 

ਅਸਲ ਵਿਚ ਚੰਗੀ ਨੀਂਦ ਦਿਮਾਗ ਦੇ ਐਮਿਗਡਾਲਾ ਨਾਮ ਦੇ ਹਿੱਸੇ ਨੂੰ ਕਿਰਿਆਸ਼ੀਲ ਕਰਦੀ ਹੈ। ਇਸ ਹਿੱਸੇ ਦਾ ਕੰਮ ਹੁੰਦਾ ਹੈ ਦਿਮਾਗ ਵਿਚ ਦਰਜ ਹੋਣ ਵਾਲੀਆਂ ਰੋਜ਼ਾਨਾ ਦੀਆਂ ਗੱਲਾਂ ਨੂੰ ਵਿਵਸਥਿਤ ਕਰਨਾ। ਇਸ ਕਾਰਨ ਐਮਿਗਡਾਲਾ ਨੂੰ ਦਿਮਾਗ ਦਾ 'ਸੈਂਟਰ ਆਫ ਇਮੋਸ਼ਨ' ਕਿਹਾ ਜਾਂਦਾ ਹੈ। ਚੰਗੀ ਨੀਂਦ ਲੈਣ 'ਤੇ ਐਮਿਗਡਾਲਾ ਕਿਰਿਆਸ਼ੀਲ ਰਹਿੰਦਾ ਹੈ ਅਤੇ ਦਿਮਾਗ ਵਿਚ ਦਰਜ ਯਾਦਾਂ ਨੂੰ ਬਿਹਤਰ ਤਰੀਕੇ ਨਾਲ ਵਿਵਸਥਿਤ ਕਰ ਪਾਉਂਦਾ ਹੈ। ਜਦੋਂ ਐਮਿਗਡਾਲਾ ਚੰਗੇ ਤਰੀਕੇ ਨਾਲ ਕੰਮ ਕਰਦਾ ਹੈ ਤਾਂ ਖੁਦ-ਬ-ਖੁਦ ਚੰਗੀਆਂ ਯਾਦਾਂ ਨੂੰ ਦਿਮਾਗ ਵਿਚ ਰੱਖਦਾ ਹੈ ਅਤੇ ਬੁਰੀਆਂ ਯਾਦਾਂ ਨੂੰ ਪਿੱਛੇ ਕਰ ਦਿੰਦਾ ਹੈ। 

ਨੀਂਦ ਦਾ ਸਕਾਰਾਤਮਕ ਅਸਰ ਜਾਣਨ ਲਈ ਇਕ ਹੋਰ ਰਿਸਰਚ ਕੀਤਾ ਗਿਆ। ਇਸ ਵਿਚ 8 ਤੋਂ 11 ਸਾਲ ਦੇ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ। ਬੱਚਿਆਂ ਨੂੰ ਕੁਝ ਤਸਵੀਰਾਂ ਦਿਖਾਈਆਂ ਗਈਆਂ। ਇਸ ਮਗਰੋਂ ਕੁਝ ਬੱਚਿਆਂ ਨੂੰ ਸੌਣ ਲਈ ਭੇਜ ਦਿੱਤਾ ਗਿਆ ਅਤੇ ਕੁਝ ਬੱਚੇ ਜਾਗਦੇ ਰਹੇ। ਕੁਝ ਦੇਰ ਬਾਅਦ ਸਾਰਿਆਂ ਬੱਚਿਆਂ ਨੂੰ ਮੁੜ ਉਹੀ ਤਸਵੀਰਾਂ ਦਿਖਾਈਆਂ ਗਈਆਂ। ਉਨ੍ਹਾਂ ਬੱਚਿਆਂ ਨੇ ਸਭ ਤੋਂ ਪਹਿਲਾਂ ਤਸਵੀਰਾਂ ਦੀ ਪਛਾਣ ਕੀਤੀ ਜਿਹੜੇ ਸੌਂ ਕੇ ਆਏ ਸਨ। ਜਾਗਣ ਵਾਲੇ ਬੱਚਿਆਂ ਨੂੰ ਤਸਵੀਰਾਂ ਅਤੇ ਉਸ ਨਾਲ ਜੁੜੀ ਕਹਾਣੀ ਮੁੜ ਦੱਸਣ ਵਿਚ ਕੁਝ ਸਮਾਂ ਲੱਗਾ। ਖੋਜੀ ਇਸ ਦਾ ਕਾਰਨ ਦੱਸਦੇ ਹਨ ਕਿ ਸੌਂਦੇ ਸਮੇਂ ਦਿਮਾਗ ਦੇ ਪਿਛਲੇ ਹਿੱਸੇ ਵਿਚ ਇਕ ਚਮਕ ਉੱਠਦੀ ਹੈ। ਇਸ ਨੂੰ ਐੱਲ.ਪੀ.ਪੀ. ਮਤਲਬ ਲੇਟ ਪੌਜੀਟਿਵ ਪੋਟੈਂਸ਼ੀਅਲ ਕਹਿੰਦੇ ਹਨ। ਜਦੋਂ ਅਸੀਂ ਸੌਂਦੇ ਹਾਂ ਅਤੇ ਐਮਿਗਡਾਲਾ ਸਾਡੀਆਂ ਯਾਦਾਂ ਦੀ ਕੱਟ-ਵੱਢ ਕਰਦਾ ਹੈ ਤੇ ਉਸੇ ਵੇਲੇ ਦਿਮਾਗ ਵਿਚ ਐੱਲ.ਪੀ.ਪੀ. ਐਕਟਿਵ ਹੁੰਦਾ ਹੈ। ਜਦੋਂ ਅਸੀਂ ਸੌਂ ਕੇ ਉੱਠਦੇ ਹਾਂ ਤਾਂ ਇਸੇ ਐੱਲ.ਪੀ.ਪੀ. ਕਾਰਨ ਸਾਨੂੰ ਕੁਝ ਸਮਾਂ ਪਹਿਲਾਂ ਦੇਖੀਆਂ ਜਾਂ ਅਨੁਭਵ ਕੀਤੀਆਂ ਗੱਲਾਂ ਯਾਦ ਰਹਿ ਜਾਂਦੀਆਂ ਹਨ।

ਰੈਪਿਡ ਆਈ ਮੂਵਮੈਂਟ ਸਲੀਪ ਲੈਣ ਨਾਲ ਹੁੰਦਾ ਹੈ ਇਹ ਫਾਇਦਾ
ਰਿਸਰਚ ਵਿਚ ਦੱਸਿਆ ਗਿਆ ਹੈ ਕਿ ਨੀਂਦ ਦੋ ਤਰ੍ਹਾਂ ਦੀ ਹੁੰਦੀ ਹੈ। ਆਰ.ਈ.ਐੱਮ. (ਰੈਪਿਡ ਆਈ ਮੂਵਮੈਂਟ) ਅਤੇ ਐੱਨ.ਆਰ.ਈ.ਐੱਮ. (ਨੌਨ ਰੈਪਿਡ ਆਈ ਮੂਵਮੈਂਟ)। ਇਨ੍ਹਾਂ ਦੋਹਾਂ ਤਰ੍ਹਾਂ ਦੀ ਨੀਂਦ ਵਿਚ ਅੱਖਾਂ ਦੀ ਮੂਵਮੈਂਟ ਵਿਚ ਫਰਕ ਹੁੰਦਾ ਹੈ। ਅੱਖਾਂ ਦੀਆਂ ਇਨ੍ਹਾਂ ਮੂਵਮੈਂਟਸ ਨਾਲ ਹੀ ਤੈਅ ਹੁੰਦਾ ਹੈ ਕਿ ਨੀਂਦ ਕਿੰਨੀ ਡੂੰਘੀ ਹੈ। ਦਿਮਾਗ ਨੂੰ ਤਣਾਅ ਮੁਕਤ ਰੱਖਣ ਲਈ ਆਰ.ਈ.ਐੱਮ. ਨੀਂਦ ਬਿਹਤਰ ਹੁੰਦੀ ਹੈ। ਇਸ ਤਰ੍ਹਾਂ ਦੀ ਨੀਂਦ ਵਿਚ ਅੱਖਾਂ ਦੇ ਅੰਦਰੂਨੀ ਹਿੱਸੇ ਵਿਚ ਤੇਜ਼ ਮੂਵਮੈਂਟ ਹੁੰਦਾ ਹੈ ਜੋ ਯਾਦਾਂ ਨੂੰ ਵਿਵਸਥਿਤ ਕਰਨ ਵਿਚ ਦਿਮਾਗ ਦੀ ਮਦਦ ਕਰਦਾ ਹੈ। ਇਸ ਤਰ੍ਹਾਂ ਦੀ ਨੀਂਦ ਆਉਣ 'ਤੇ ਦਿਮਾਗ ਦੇ ਅੰਦਰ ਤਣਾਅ ਦੇਣ ਵਾਲੇ ਹਾਰਮੋਨ ਨੋਰਾਡ੍ਰੇਨਾਲਿਨ ਦਾ ਵਹਾਅ ਨਹੀਂ ਹੁੰਦਾ ਹੈ। ਨਤੀਜੇ ਵਜੋਂ ਦਿਮਾਗ ਬਿਨਾਂ ਤਣਾਅ ਦੇ ਯਾਦਾਂ ਨੂੰ ਵਿਵਸਥਿਤ ਕਰ ਪਾਉਂਦਾ ਹੈ। ਇਸ ਨਾਲ ਦਿਮਾਗ ਦਾ ਪ੍ਰੀ-ਫ੍ਰੰਟੇਲ ਕਾਰਟੇਕਸ ਵੀ ਬਿਹਤਰ ਕੰਮ ਕਰਦਾ ਹੈ, ਜੋ ਕਿਰਿਆਸ਼ੀਲਤਾ ਬਣਾਈ ਰੱਖਦਾ ਹੈ।


Related News