ਟਰੰਪ ਵਿਰੁੱਧ ਮਹਾਦੋਸ਼ ਜਾਂਚ ''ਤੇ ਨਹੀਂ ਹੋਵੇਗੀ ਵੋਟਿੰਗ : ਨੈਨਸੀ ਪੇਲੋਸੀ

10/16/2019 5:26:01 PM

ਵਾਸ਼ਿੰਗਟਨ (ਬਿਊਰੋ)— ਅਮਰੀਕੀ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੈਲੋਸੀ ਨੇ ਬੁੱਧਵਾਰ ਨੂੰ ਇਕ ਐਲਾਨ ਕੀਤਾ। ਨੈਨਸੀ ਮੁਤਾਬਕ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਦੋਸ਼ ਚਲਾਉਣ ਦੀ ਜਾਂਚ ਨੂੰ ਅਧਿਕਾਰਤ ਕਰਨ ਲਈ ਵੋਟਿੰਗ ਨਹੀਂ ਕਰਾਏਗੀ। ਉਨ੍ਹਾਂ ਨੇ ਵਿਰੋਧੀ ਧਿਰ ਦੇ ਬਹੁਮਤ ਪ੍ਰਾਪਤ ਡੈਮੋਕ੍ਰੈਟਿਕ ਸਾਂਸਦਾਂ ਦੇ ਨਾਲ ਇਸ ਮਾਮਲੇ 'ਤੇ ਚਰਚਾ ਦੇ ਬਾਅਦ ਇਹ ਐਲਾਨ ਕੀਤਾ। 

ਇਕ ਅੰਗਰੇਜ਼ੀ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ,''ਵ੍ਹਾਈਟ ਹਾਊਸ ਅਤੇ ਰੀਪਬਲਿਕਨ ਸਾਂਸਦਾਂ ਦੇ ਵੱਧਦੇ ਦਬਾਅ ਦੇ ਵਿਚ ਪੇਲੋਸੀ ਨੇ ਇਹ ਫੈਸਲਾ ਲਿਆ ਹੈ।'' ਵ੍ਹਾਈਟ ਹਾਊਸ ਅਤੇ ਟਰੰਪ ਦੀ ਰੀਪਬਲਿਕਨ ਪਾਰਟੀ ਦੇ ਸਾਂਸਦਾਂ ਦਾ ਕਹਿਣਾ ਹੈ ਕਿ ਮਹਾਦੋਸ਼ ਚਲਾਉਣ ਲਈ ਚੱਲ ਰਹੀ ਜਾਂਚ ਗੈਰ ਕਾਨੂੰਨੀ ਹੈ ਕਿਉਂਕਿ ਜਾਂਚ ਸ਼ੁਰੂ ਕਰਨ ਦੇ ਮਾਮਲੇ 'ਤੇ ਸਦਨ ਵਿਚ ਰਸਮੀ ਤੌਰ 'ਤੇ ਵੋਟਿੰਗ ਨਹੀਂ ਕਰਵਾਈ ਗਈ। 

ਇਕ ਅਮਰੀਕੀ ਵਿਸਲ ਬਲੋਅਰ ਦੀ ਸ਼ਿਕਾਇਤ 'ਤੇ ਸਪੀਕਰ ਪੇਲੋਸੀ ਨੇ ਪਿਛਲੇ ਮਹੀਨੇ ਟਰੰਪ ਵਿਰੁੱਧ ਮਹਾਦੋਸ਼ ਚਲਾਉਣ ਲਈ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਪ੍ਰਤੀਨਿਧੀ ਸਭਾ ਦੀਆਂ ਕਈ ਕਮੇਟੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਵਿਸਲ ਬਲੋਅਰ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਟਰੰਪ ਨੇ ਬੀਤੀ 25 ਜੁਲਾਈ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਡਿਮਿਰ ਜ਼ੇਲੇਂਸਕੀ ਨਾਲ ਫੋਨ 'ਤੇ ਗੱਲ ਕੀਤੀ ਸੀ। ਇਸ ਵਿਚ ਉਨ੍ਹਾਂ ਨੇ ਅਗਲੇ ਸਾਲ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿਚ ਆਪਣੇ ਸੰਭਾਵਿਤ ਡੈਮੋਕ੍ਰੇਟ ਵਿਰੋਧੀ ਜੋਅ ਬਿਡੇਨ ਨੂੰ ਬਦਨਾਮ ਕਰਨ ਲਈ ਜ਼ੇਲੇਂਸਕੀ 'ਤੇ ਦਬਾਅ  ਬਣਾਇਆ ਸੀ। ਭਾਵੇਂਕਿ ਟਰੰਪ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। 

ਇੱਥੇ ਦੱਸ ਦਈਏ ਕਿ ਮਹਾਦੋਸ਼ ਅਜਿਹੀ ਵਿਵਸਥਾ ਹੈ ਜੋ ਅਮਰੀਕੀ ਸੰਸਦ ਨੂੰ ਅਮਰੀਕੀ ਰਾਸ਼ਟਰਪਤੀ ਨੂੰ ਹਟਾਉਣ ਦੀ ਇਜਾਜ਼ਤ ਦਿੰਦੀ ਹੈ। ਰਾਸ਼ਟਰਪਤੀ ਵਿਰੁੱਧ ਮਹਾਦੋਸ਼ ਉਦੋਂ ਲਿਆਇਆ ਜਾਂਦਾ ਹੈ ਜਦੋਂ ਉਸ ਵਿਰੁੱਧ ਦੇਸ਼ਧ੍ਰੋਹ, ਰਿਸ਼ਵਤ ਲੈਣ ਜਾਂ ਫਿਰ ਕਿਸੇ ਵੱਡੇ ਅਪਰਾਧ ਵਿਚ ਸ਼ਾਮਲ ਹੋਣ ਦਾ ਸ਼ੱਕ ਹੋਵੇ।


Vandana

Content Editor

Related News