ਜੀ-7 ਬੈਠਕਾਂ ''ਚ ਕਸ਼ਮੀਰ ਸਮੇਤ ਇਨ੍ਹਾਂ ਮਾਮਲਿਆਂ ''ਤੇ ਚਰਚਾ ਕਰਨਗੇ ਟਰੰਪ

Friday, Aug 23, 2019 - 11:26 AM (IST)

ਜੀ-7 ਬੈਠਕਾਂ ''ਚ ਕਸ਼ਮੀਰ ਸਮੇਤ ਇਨ੍ਹਾਂ ਮਾਮਲਿਆਂ ''ਤੇ ਚਰਚਾ ਕਰਨਗੇ ਟਰੰਪ

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜੀ-7 ਸਿਖਰ ਸੰਮੇਲਨ ਦੌਰਾਨ ਵਿਸ਼ਵ ਨੇਤਾਵਾਂ ਨਾਲ ਦੋ-ਪੱਖੀ ਬੈਠਕਾਂ ਵਿਚ ਕਸ਼ਮੀਰ ਮਾਮਲਾ, ਯੂਰਪ ਨੂੰ ਰੂਸੀ ਗੈਸ ਸਪਲਾਈ ਅਤੇ ਵੈਨੇਜ਼ੁਏਲਾ ਸਮੇਤ ਕਈ ਮਹੱਤਵਪੂਰਣ ਮੁੱਦਿਆਂ 'ਤੇ ਚਰਚਾ ਕਰਨਗੇ। ਫਰਾਂਸ ਦੇ ਬਿਰੀਜ਼ ਵਿਚ 24 ਤੋਂ 26 ਅਗਸਤ ਦੇ ਵਿਚ ਜੀ-7 ਦਾ ਸਿਖਰ ਸੰਮੇਲਨ ਹੋ ਰਿਹਾ ਹੈ। ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਟਰੰਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਰਮਨੀ ਦੀ ਚਾਂਸਲਰ ਐਂਜਲਾ ਮਰਕੇਲ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ, ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਦੋ-ਪੱਖੀ ਬੈਠਕ ਕਰਨਗੇ। 

ਅਧਿਕਾਰੀ ਨੇ ਦੱਸਿਆ ਕਿ ਟਰੰਪ ਜੀ-7 ਦੀ ਬੈਠਕ ਕਸ਼ਮੀਰ 'ਤੇ ਤਣਾਅ ਘੱਟ ਕਰਨ ਲਈ ਮੋਦੀ ਦੀ ਯੋਜਨਾ ਦੇ ਬਾਰੇ ਵਿਚ ਸੁਨਣਾ ਚਾਹੁਣਗੇ। ਅਧਿਕਾਰੀ ਨੇ ਕਿਹਾ ਕਿ ਦੋਵੇਂ ਨੇਤਾ ਵਪਾਰ ਦੇ ਮਾਮਲਿਆਂ 'ਤੇ ਵੀ ਚਰਚਾ ਕਰਨਗੇ ਕਿਉਂਕਿ ਅਮਰੀਕਾ ਭਾਰਤ ਨੂੰ ਅਮਰੀਕੀ ਮਾਲ ਅਤੇ ਸੇਵਾਵਾਂ ਲਈ ਆਪਣਾ ਬਾਜ਼ਾਰ ਖੋਲ੍ਹਣ ਲਈ ਦਰਾਮਦ ਟੈਕਸ ਘੱਟ ਕਰਨਾ ਚਾਹੁੰਦਾ ਹੈ। ਅਧਿਕਾਰੀ ਨੇ ਦੱਸਿਆ ਕਿ ਟਰੰਪ ਅਤੇ ਮਰਕੇਲ ਵਿਚ ਜੀ-7 ਦੀ ਬੈਠਕ ਤੋਂ ਵੱਖ ਰੂਸੀ ਕੁਦਰਤੀ ਗੈਸ ਸਪਲਾਈ 'ਤੇ ਯੂਰਪ ਦੀ ਨਿਰਭਰਤਾ 'ਤੇ ਚਰਚਾ ਹੋਣ ਦੀ ਆਸ ਹੈ। ਉਸ ਨੇ ਕਿਹਾ,''ਟਰੰਪ ਅਤੇ ਮਰਕੇਲ ਊਰਜਾ ਸੁਰੱਖਿਆ ਅਤੇ ਰੂਸੀ ਗੈਸ ਸਰੋਤਾਂ 'ਤੇ ਯੂਰਪੀ ਨਿਰਭਰਤਾ ਨੂੰ ਘੱਟ ਕਰਨ ਦੇ ਮਹੱਤਵ 'ਤੇ ਵੀ ਵਿਚਾਰ ਵਟਾਂਦਰਾ ਕਰਨਗੇ।'' 

ਟਰੰਪ ਅਤੇ ਜੌਨਸਨ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਬਾਹਰ ਨਿਕਲਣ ਅਤੇ ਦੋਹਾਂ ਦੇਸ਼ਾਂ ਵਿਚਾਲੇ ਦੋ-ਪੱਖੀ ਵਪਾਰ ਸੌਦੇ 'ਤੇ ਵੀ ਗੱਲਬਾਤ ਕਰਨਗੇ। ਟਰੰਪ ਅਤੇ ਟਰੂਡੋ ਵਿਚਾਲੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਸਰਕਾਰ 'ਤੇ ਵੱਧਦੇ ਦਬਾਅ ਅਤੇ ਹਾਂਗਕਾਂਗ ਦੀ ਸਥਿਤੀ 'ਤੇ ਚਰਚਾ ਹੋਣ ਦੀ ਆਸ ਹੈ। ਅਧਿਕਾਰੀ ਨੇ ਦੱਸਿਆ ਕਿ ਆਉਣ ਵਾਲੇ ਜੀ-7 ਸਿਖਰ ਸੰਮੇਲਨ ਦੌਰਾਨ ਵਿਸ਼ਵ ਦੇ ਨੇਤਾ ਰੂਸ ਨੂੰ ਜੀ-8 ਵਿਚ ਫਿਰ ਲਿਆਉਣ 'ਤੇ ਚਰਚਾ ਕਰ ਸਕਦੇ ਹਨ।


author

Vandana

Content Editor

Related News